ਪਾਕਿਸਤਾਨੀ ਕੁੜੀ ਭਾਰਤ ਆਏਗੀ ਭਾਰਤੀ ਮੁੰਡੇ ਨਾਲ ਵਿਆਹ ਕਰਵਾਉਣ, ਸਰਕਾਰ ਨੇ ਵੀਜ਼ਾ ਕੀਤਾ ਜਾਰੀ

ਪਾਕਿਸਤਾਨੀ ਕੁੜੀ ਭਾਰਤ ਆਏਗੀ ਭਾਰਤੀ ਮੁੰਡੇ ਨਾਲ ਵਿਆਹ ਕਰਵਾਉਣ, ਸਰਕਾਰ ਨੇ ਵੀਜ਼ਾ ਕੀਤਾ ਜਾਰੀ

ਗੁਰਦਾਸਪੁਰ (ਵੀਓਪੀ ਬਿਊਰੋ) – ਕੇਂਦਰ ਸਰਕਾਰ ਨੇ ਭਾਰਤ ਦੇ ਲੜਕੇ ਨਾਲ ਵਿਆਹ ਕਰਵਾਉਣ ਲਈ ਪਾਕਿਸਤਾਨ ਦੀ ਰਹਿਣ ਵਾਲੀ ਕੁੜੀ ਤੇ ਉਸਦੇ ਘਰਦਿਆਂ ਨੂੰ ਭਾਰਤ ਆਉਣ ਲਈ ਵੀਜ਼ਾ ਜਾਰੀ ਕਰ ਦਿੱਤਾ ਹੈ। ਸੁਮਨ ਤੇ ਉਸ ਦੇ ਪਰਿਵਾਰਕ ਮੈਂਬਰ ਹਵਾਈ ਮਾਰਗ ਖੁੱਲ੍ਹਣ ’ਤੇ ਭਾਰਤ ਆਉਣਗੇ ਅਤੇ ਉਦੋਂ ਹੀ ਵਿਆਹ ਹੋਵੇਗਾ।ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਸੁਮਨ ਰੈਣੀਤਾਲ ਨੂੰ ਸਾਲ 2019 ’ਚ ਗੁਰਦਾਸਪਰ ਦੇ ਸ੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਅਮਿਤ ਪੁੱਤਰ ਰਮੇਸ਼ ਕੁਮਾਰ ਨਾਲ ਫੇਸਬੁੱਕ ’ਤੇ ਪਿਆਰ ਹੋ ਗਿਆ ਸੀ।

ਸੁਮਨ ਤੇ ਅਮਿਤ ਦੇ ਪਰਿਵਾਰਾਂ ਨੇ ਵੀ ਦੋਵਾਂ ਦੀ ਜੋੜੀ ਨੂੰ ਪਸੰਦ ਕਰ ਲਿਆ ਸੀ ਪਰ ਭਾਰਤ-ਪਾਕਿਸਤਾਨ ਬਾਰਡਰ ਬੰਦ ਹੋਣ ਕਾਰਨ ਵਿਆਹ ਨਹੀਂ ਹੋ ਪਾ ਰਿਹਾ ਸੀ। ਅਮਿਤ ਨੇ ਕਾਦੀਆਂ ਦੇ ਰਹਿਣ ਵਾਲੇ ਚੌਧਰੀ ਮਕਬੂਲ ਅਹਿਮਦ ਨਾਲ ਸੰਪਰਕ ਕਰ ਕੇ ਸੁਮਨ ਨੂੰ ਭਾਰਤ ਦਾ ਵੀਜ਼ਾ ਦਿਵਾਉਣ ਲਈ ਸਹਿਯੋਗ ਮੰਗਿਆ। ਮਕਬੂਲ ਦਾ ਵਿਆਹ ਸਾਲ 2003 ’ਚ ਫੈਸਲਾਬਾਦ ਦੀ ਰਹਿਣ ਵਾਲੀ ਤਾਹਿਰਾ ਮਕਬੂਲ ਨਾਲ ਹੋਇਆ ਸੀ। ਉਸ ਸਮੇਂ ਇਹ ਜੋੜੀ ਵਿਸ਼ਵ ਮੀਡੀਆ ’ਤੇ ਛਾਈ ਰਹੀ ਸੀ।

ਮਕਬੂਲ ਨੇ ਇਸ ਮਾਮਲੇ ’ਚ ਅਮਿਤ ਦੇ ਪਰਿਵਾਰ ਦੀ ਕਾਫ਼ੀ ਮਦਦ ਕੀਤੀ। ਰਮੇਸ਼ ਨੇ ਆਪਣੀ ਹੋਣ ਵਾਲੀ ਨੂੰਹ ਤੋਂ ਇਲਾਵਾ ਉਸ ਦੇ ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰਾਂ ਲਈ ਭਾਰਤ ਦਾ ਵੀਜ਼ਾ ਲੈਣ ਦੇ ਮਕਸਦ ਨਾਲ ਸਪਾਂਸਰਸ਼ਿਪ ਬਣਵਾ ਕੇ ਪਾਕਿਸਤਾਨ ਭੇਜੀ ਸੀ। ਲੜਕੀ ਨੇ ਵੀ ਭਾਰਤ ਸਰਕਾਰ ਤੋਂ ਵੀਜ਼ਾ ਦੇਣ ਦੀ ਮੰਗ ਕੀਤੀ ਸੀ। ਕਰਾਚੀ ਤੋਂ ਫੋਨ ’ਤੇ ਗੱਲ ਕਰਦੇ ਹੋਏ ਸੁਮਨ ਨੇ ਵੀਜ਼ਾ ਮਿਲਣ ’ਤੇ ਸਹਿਯੋਗ ਕਰਨ ਵਾਲਿਆਂ, ਭਾਰਤ ਸਰਕਾਰ ਤੇ ਪਾਕਿਸਤਾਨੀ ਦੂਤਘਰ ਦਾ ਵੀ ਧੰਨਵਾਦ ਕੀਤਾ ਹੈ।

error: Content is protected !!