ਜਲੰਧਰ ਦੇ ਪਿੰਡ ਕੋਟਲੇ ਦੇ ਲੋਕ ਪਿੰਡ ‘ਚ ਬਣੀ ਚਰਚ ਦੇ ਉੱਚੀ ਵੱਜਦੇ ਸਪੀਕਰ ਤੋਂ ਡਾਹਢੇ ਔਖੇ

ਜਲੰਧਰ ਦੇ ਪਿੰਡ ਕੋਟਲੇ ਦੇ ਲੋਕ ਪਿੰਡ ‘ਚ ਬਣੀ ਚਰਚ ਦੇ ਉੱਚੀ ਵੱਜਦੇ ਸਪੀਕਰ ਤੋਂ ਡਾਹਢੇ ਔਖੇ

ਜਲੰਧਰ (ਵੀਓਪੀ ਬਿਊਰੋ) – ਜ਼ਿਲ੍ਹੇ ਦੇ ਪਿੰਡ ਕੋਟਲਾ ਦੇ ਲੋਕ ਪਿੰਡ ਵਿਚ ਬਣੀ ਚਰਚ ਤੋਂ ਪਰੇਸ਼ਾਨ ਹੋ ਗਏ ਹਨ। ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਚਰਚ ਵਿਚ ਸਾਰਾ ਦਿਨ ਉੱਚੀ ਆਵਾਜ਼ ‘ਚ ਸਪੀਕਰ ਚੱਲਦਾ ਰਹਿੰਦਾ ਹੈ ਤੇ ਐਤਵਾਰ ਨੂੰ ਤਾਂ ਬਹੁਤ ਸਾਰੇ ਲੋਕਾਂ ਦਾ ਇਕੱਠ ਕਰਕੇ ਢੋਲਕੀ ਨਾਲ ਉੱਚੀ-ਉੱਚੀ ਰੌਲਾ ਪਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਪਿੰਡ ਦੇ ਬਾਕੀ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿਚ ਕਈ ਬਜ਼ੁਰਗ ਲੋਕਾਂ ਨੂੰ ਚਰਚ ਦੇ ਲੋਕਾਂ ਦੇ ਇਸ ਵਿਵਹਾਰ ਤੋਂ ਕਾਫੀ ਪਰੇਸ਼ਾਨੀ ਹੈ।

ਲੋਕਾਂ ਨੇ ਕਿਹਾ ਅਸੀਂ ਕੁਝ ਚਿਰ ਪਹਿਲਾਂ ਪਿੰਡ ਦੀ ਪੰਚਾਇਤ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਸੀ। ਉਸ ਵੇਲੇ ਤਾਂ ਚਰਚ ਦਾ ਸਪੀਕਰ ਬੰਦ ਹੋ ਗਿਆ ਸੀ ਪਰ ਹੁਣ ਫਿਰ ਪੁਰਾਣੇ ਹਾਲਾਤ ਵਾਂਂਗ ਹੀ ਹੋ ਗਿਆ ਹੈ। ਚਰਚ ਵਿਚ ਐਤਵਾਰ ਨੂੰ ਢੋਲਕੀ ਨਾਲ ਚਰਚ ਦੇ ਲੋਕ ਇੰਨੀ ਉੱਚੀ ਰੌਲਾ ਪਾਉਂਦੇ ਹਨ ਕਿ ਸੁਣਨ ਵਾਲੇ ਦੇ ਕੰਨ ਦੁੱਖਣ ਲੱਗ ਜਾਂਦੇ ਹਨ।

ਜਦੋਂ ਇਸ ਬਾਰੇ ਚਰਚ ਦੇ ਮੁੱਖੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਦਿਨਾਂ ਤੱਕ ਇੱਥੋਂ ਜਾ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਢੋਲਕੀ ਨਾਲ ਪ੍ਰਾਰਥਨਾ ਕਰਦੇ ਹਾਂ। ਉੱਚੀ ਕਦੇ ਨਹੀਂ ਬੋਲੇ। ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਗੁਰਦੁਆਰੇ ਦਾ ਸਪੀਕਰ ਵੀ ਉੱਚੀ ਵੱਜਦਾ ਹੈ ਉਸਨੂੰ ਕੋਈ ਨਹੀਂ ਰੋਕਦਾ ਫਿਰ ਸਾਨੂੰ ਕਿਉਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਪ੍ਰਾਰਥਨਾ ਕਰਦੇ ਹਾਂ ਤੇ ਉਹ ਢੋਲਕੀ ਨਾਲ ਹੀ ਹੋਣੀ ਹੈ।

ਹੁਣ ਪੁਲਿਸ ਨੇ ਜਲੰਧਰ ਦੇ ਮਕਸੂਦਾਂ ਥਾਣੇ ਸੋਮਵਾਰ ਨੂੰ ਦੋਵੇਂ ਧਿਰਾਂ ਨੂੰ ਬੁਲਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰੇਗੀ। ਲੋਕਾਂ ਨੇ ਕਿਹਾ ਕਿ ਸਾਡਾ ਪੁਲਿਸ ਨੂੰ ਇਹੀਂ ਕਹਿਣਾ ਹੋਏਗਾ ਕਿ ਅਸੀਂ ਹਰ ਧਰਮ ਦੀ ਕਦਰ ਕਰਦੇ ਹਾਂ ਪਰ ਜੇਕਰ ਕੁਝ ਲੋਕ ਧਰਮ ਦੇ ਨਾਮ ਉਪਰ ਕਿਸੇ ਨੂੰ ਪਰੇਸ਼ਾਨੀ ਦੇਣਗੇ ਤਾਂ ਉਹ ਸਾਨੂੰ ਮੰਜ਼ੂਰ ਨਹੀਂ ਹੋਏਗਾ। ਉਹਨਾਂ ਕਿਹਾ ਕਿ ਅਸੀਂ ਇਹਨਾਂ ਨੂੰ ਕਦੇ ਵੀ ਪ੍ਰਾਰਥਨਾ ਕਰਨ ਤੋਂ ਨਹੀਂ ਰੋਕਦੇ ਪਰ ਜੇਕਰ ਇਹ ਢੋਲਕੀ ਤੇ ਸਪੀਕਰ ਦੀ ਉੱਚੀ ਆਵਾਜ਼ ਨਾਲ ਸਾਨੂੰ ਤੰਗ ਕਰਨਗੇ ਤਾਂ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ। ਸੋਮਵਾਰ ਨੂੰ ਪੁਲਿਸ ਨਾਲ ਹੋਈ ਗੱਲਬਾਤ ਨੂੰ ਵੀ ਇੱਥੇ ਪਬਲਿਸ਼ ਕਰ ਦਿੱਤਾ ਜਾਵੇਗਾ।

error: Content is protected !!