ਅੰਮ੍ਰਿਤਸਰ (ਵੀਓਪੀ ਬਿਊਰੋ) ਸਥਾਨਕ ਸ਼ਹਿਰ ਦੇ ਪ੍ਰਸਿੱਧ ਮੰਦਿਰ ਦੀ ਪ੍ਰਬੰਧਕ ਕਮੇਟੀ ਦੀ ਚੋਣ ਮੁਕੰਮਲ ਹੋ ਗਈ ਹੈ। ਇਸ ਦੌਰਾਨ ਭਾਜਪਾ ਨੇ ਕਾਂਗਰਸ ਨੂੰ ਕਰਾਰੀ ਹਾਰ ਦਿੰਦੇ ਹੋਏ ਸ਼੍ਰੀ ਦੁਰਗਿਆਨਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਜਿੱਤ ਲਈ ਹੈ। ਇਸ ਦੌਰਾਨ ਪ੍ਰਧਾਨ ਅਹੁਦੇ ਲਈ ਭਾਜਪਾ ਦੀ ਉਮੀਦਵਾਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀਕਾਂਤਾ ਚਾਵਲਾ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਸਮਰਥਕ ਰਮੇਸ਼ ਸ਼ਰਮਾ ਦੇ ਨਾਲ ਸੀ, ਜਿਸ ਵਿਚ ਉਹਨਾਂ ਨੇ 496 ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ ਅਤੇ ਉਸ ਦੇ ਮੁਕਾਬਲੇ ਵਿਚ ਰਮੇਸ਼ ਸ਼ਰਮਾ ਨੂੰ 350 ਵੋਟਾਂ ਮਿਲੀਆਂ। ਦੂਜੇ ਪਾਸੇ ਭਾਜਪਾ ਸਮਰਥਕ ਅਰੁਣ ਖੰਨਾ ਨੇ 606 ਵੋਟਾਂ ਹਾਸਲ ਕਰਕੇ ਜਨਰਲ ਸਕੱਤਰ ਦੇ ਅਹੁਦੇ ’ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਵਿਜੇ ਜੋਸ਼ੀ ਨੂੰ ਹਰਾਇਆ ਹੈ। ਵਿਮਲ ਅਰੋੜਾ ਨੇ ਵਿੱਤ ਸਕੱਤਰ ਦਾ ਅਹੁਦਾ ਜਿੱਤਿਆ ਹੈ। ਉਨ੍ਹਾਂ ਨੂੰ 466 ਵੋਟਾਂ ਮਿਲੀਆਂ। ਉਨ੍ਹਾਂ ਰਮੇਸ਼ ਕੁਮਾਰ ਸ਼ਰਮਾ ਨੂੰ ਹਰਾਇਆ ਹੈ। ਮੈਨੇਜਰ ਦੇ ਅਹੁਦੇ ‘ਤੇ ਅਨਿਲ ਸ਼ਰਮਾ ਨੇ ਕਬਜ਼ਾ ਕੀਤਾ ਹੈ। ਅਨਿਲ ਸ਼ਰਮਾ ਨੇ ਸੁਰਿੰਦਰ ਗੋਗਾ ਨੂੰ ਹਰਾਇਆ। ਸ਼ਰਮਾ ਨੂੰ 370 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਪ੍ਰੋ. ਲਕਸ਼ਮੀਕਾਂਤਾ ਚਾਵਲਾ ਜਿੱਤ ਕੇ ਸ਼੍ਰੀ ਦੁਰਗਿਆਣਾ ਮੰਦਰ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਗਈ ਹੈ। ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਮੰਦਰ ਦਾ ਕੰਮਕਾਜ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗਾ। ਉਹ ਸ਼੍ਰੀ ਦੁਰਗਿਆਨਾ ਤੀਰਥ ਦਾ ਨਾਮ ਵਿਸ਼ਵ ਦੇ ਪ੍ਰਸਿੱਧ ਹਿੰਦੂ ਤੀਰਥ ਸਥਾਨਾਂ ਦੀ ਸੂਚੀ ਵਿੱਚ ਦਰਜ ਕਰਵਾਉਣ ਲਈ ਹਰ ਸੰਭਵ ਯਤਨ ਕਰੇਗੀ।


