ਸੁਖਬੀਰ ਬਾਦਲ ਨੇ ਮੁੱਖ ਮੰਤਰੀ ਮਾਨ ‘ਤੇ ਕੱਸਿਆ ਤੰਜ਼, ਕਿਹਾ ਇਮਾਰਤਾਂ ਦੇ ਨਾਂ ਬਦਲ ਕੇ ਲੋਕਾਂ ਨੂੰ ਮੂਰਖ ਨਾ ਬਣਾਓ…
ਵੀਓਪੀ ਬਿਊਰੋ –ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲ ਕੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਹੀ ਜਾ ਰਹੀ ਹੈ ਅਤੇ 15 ਅਗਸਤ ਨੂੰ ਇਹਨਾਂ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਦਾ ਐਲਾਨ ਕੀਤਾ ਹੈ, ਉਸ ਮਾਮਲਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਹਨਾਂ ਨੇ ਟਵੀਟ ਕਰ ਕੇ ਫੋਟੋ ਪੋਸਟ ਕੀਤੀ ਹੈ, ਜਿਸ ਵਿਚ ਇਕ ਪਾਸੇ ਅਕਾਲੀ ਸਰਕਾਰ ਸਮੇਂ ਬਣਾਏ ਸੇਵਾ ਕੇਂਦਰ ਦੀ ਤਸਵੀਰ ਹੈ ਅਤੇ ਦੂਜੇ ਪਾਸੇ ਉਸ ਹੀ ਇਮਾਰਤ ਨੂੰ ਮੋਡੀਫਾਈ ਕਰ ਕੇ ਬਣਾਏ ਆਮ ਆਦਮੀ ਕਲੀਨਿਕ ਦੇ ਸਾਹਮਣੇ ਖੜੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਾਈ ਹੋਈ ਹੈ ਅਤੇ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਇਮਾਰਤਾਂ ਦੇ ਨਾਂ ਬਦਲ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ। ਉਨ੍ਹਾਂ ਮੁੱਖ ਮੰਤਰੀ ਵੱਲੋਂ ਪਿਛਲੀ ਅਕਾਲੀ ਦਲ ਸਰਕਾਰ ਵੱਲੋਂ ਬਣਾਏ 74 ਸੁਵਿਧਾ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ਵਿਚ ਬਦਲ ਕੇ ਸਸਤੀ ਸ਼ੋਹਰਤ ਹਾਸਲ ਕਰਨ ਦੀ ਨਿਖੇਧੀ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਬੇਗੋਵਾਲ ਰਿਹਾਇਸ਼ ’ਤੇ ਪ੍ਰੋਗਰਾਮ ਵਿਚ ਭਾਗ ਲੈਣ ਆਏ ਹੋਏ ਸਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਵਿਚ 75 ਕਲੀਨਿਕ ਖੋਲ੍ਹ ਕੇ ਮੁਹੱਲਾ ਕਲੀਨਿਕ ਦੀ ਵਿਵਸਥਾ ਦਾ ਮਖੌਲ ਬਣਾ ਦਿੱਤਾ ਹੈ ਕਿਉਂਕਿ ਸੂਬੇ ਵਿਚ 13000 ਹਜ਼ਾਰ ਪਿੰਡ ਹਨ ਤੇ ਨਾਲ ਹੀ ਆਪ ਸਰਕਾਰ ਨੇ ਲੋਕਾਂ ਨੂੰ ਵਿਲੱਖਣ ਸੁਵਿਧਾ ਕੇਂਦਰਾਂ ਦੀ ਸਹੂਲਤ ਤੋਂ ਵਾਂਝਾ ਕਰ ਦਿੱਤਾ ਹੈ ਜਦੋਂ ਕਿ ਸੂਬੇ ਦੇ ਲੋਕਾਂ ਨੂੰ 78 ਜ਼ਰੂਰੀ ਸੇਵਾਵਾਂ ਦੇਣ ਵਾਸਤੇ 2 ਹਜ਼ਾਰ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ 300 ਯੂਨਿਟ ਮੁਫਤ ਬਿਜਲੀ ਦੀ ਸਕੀਮ ਵਿਚੋਂ 90 ਫੀਸਦੀ ਪੰਜਾਬੀਆਂ ਨੂੰ ਬਾਹਰ ਕਰਨ ਦੀ ਵੀ ਨਿਖੇਧੀ ਕੀਤੀ।