ਵੀਓਪੀ ਬਿਊਰੋ – ਲੁਧਿਆਣਾ ਵਿਚ ਆਏ ਦਿਨ ਅਪਰਾਧ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸੇ ਤਰਹਾਂ ਦਾ ਇਕ ਮਾਮਲਾ ਅੱਜ ਵੀ ਸਾਹਮਣੇ ਆਇਆ ਹੈ। ਜਿੱਥੇ ਇਕ ਦੋਸਤ ਨੇ ਹੀ ਆਪਣੇ ਦੋਸਤ ਦਾ ਬੇਟਾ ਅਗਵਾ ਕਰ ਲਿਆ। ਉਕਤ ਲੜਕੇ ਦੀ ਉਮਰ ਵੀ ਸਿਰਫ 5 ਸਾਲ ਦੀ ਹੀ ਸੀ, ਜਿਸ ਨੂੰ ਅਗਵਾ ਕੀਤਾ ਗਿਆ। ਇਸ ਦੌਰਾਨ ਜਦ ਬੱਚਾ ਰੌਣ ਲੱਗਾ ਤਾਂ ਮੁਲਜ਼ਮ ਉਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਸੁੱਟ ਕੇ ਭੱਜ ਗਿਆ। ਇਸ ਤੋਂ ਬਾਅਦ ਜਦ ਲੋਕਾਂ ਨੇ ਉੱਥੇ ਇਕ 5 ਸਾਲ ਦੇ ਬੱਚੇ ਨੂੰ ਰੌਂਦੇ ਹੋਏ ਵੇਖਿਆ ਤਾਂ ਉਹਨਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੀਸੀਆਰ ਦੀ ਟੀਮ ਬੱਚੇ ਨੂੰ ਥਾਣਾ ਕੋਤਵਾਲੀ ਲੈ ਗਈ। ਥਾਣਾ ਕੋਤਵਾਲੀ ਦੀ ਪੁਲਿਸ ਨੇ ਰਿਕਾਰਡ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਥਾਣਾ ਮੇਹਰਬਾਨ ਦੇ ਖੇਤਰ ‘ਚੋਂ ਇਕ ਬੱਚੇ ਨੂੰ ਅਗਵਾ ਕਰਨ ਦੀ ਸੂਚਨਾ ਮਿਲ ਰਹੀ ਹੈ। ਇਸ ਤੋਂ ਬਾਅਦ ਬੱਚੇ ਨੂੰ ਮੇਹਰਬਾਨ ਥਾਣਾ ਸਟਾਫ਼ ਦੇ ਹਵਾਲੇ ਕਰ ਦਿੱਤਾ ਗਿਆ। ਮਾਮਲਾ ਏਕਤਾ ਕਲੋਨੀ, ਬਾਜਰਾ ਰੋਡ ਦਾ ਹੈ। ਜਾਣਕਾਰੀ ਦਿੰਦੇ ਹੋਏ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਦੋਸਤ ਸੁਰੇਸ਼ ਕੁਮਾਰ ਵਾਸੀ ਬੰਦਾ ਬਹਾਦਰ ਕਾਲੋਨੀ ਸੁਭਾਸ਼ ਨਗਰ ਹੀ ਉਸ ਦੇ ਬੇਟੇ ਨੂੰ ਅਗਵਾ ਕਰ ਕੇ ਲਏ ਗਿਆ। ਪੁਲਿਸ ਨੇ ਸੀਸੀਟੀਵੀ ਕੈਮਰੇ ਜਾਂਚ ਕਰ ਕੇ ਪਤਾ ਲਾਇਆ ਕਿ ਮੁਲਜ਼ਮ ਸੁਰੇਸ਼ ਬੱਚੇ ਅੰਮ੍ਰਿਤ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਇਕੱਲਾ ਛੱਡ ਕੇ ਖ਼ੁਦ ਫਰਾਰ ਹੋ ਗਿਆ। ਪੁਲਿਸ ਹੁਣ ਮੁਲਜ਼ਮ ਸੁਰੇਸ਼ ਕੁਮਾਰ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


