ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਵਿੱਚ ਸੇਰੀ ਨਾਲੇ ਵਿੱਚ ਬੱਦਲ ਫਟ ਗਿਆ ਹੈ। ਜਿਸ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਬੱਦਲ ਫਟਣ ਦੀ ਖ਼ਬਰ ਕਾਰਨ ਲੋਕ ਰਾਤ ਭਰ ਸੌਂ ਨਹੀਂ ਸਕੇ। ਹਫੜਾ-ਦਫੜੀ ਦਾ ਮਾਹੌਲ ਸੀ।
ਜਾਣਕਾਰੀ ਮੁਤਾਬਕ ਕੁੱਲੂ ਦੇ ਮਨਾਲੀ ਸਥਿਤ ਪਲਚਨ ਦੇ ਸੇਰੀ ਨਾਲੇ ‘ਚ ਦੁਪਹਿਰ ਕਰੀਬ 3 ਵਜੇ ਬੱਦਲ ਫਟ ਗਿਆ। ਬੱਦਲ ਫਟਣ ਨਾਲ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਹੜ੍ਹ ਕਾਰਨ ਪੂਰੀ ਉਝੀ ਘਾਟੀ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਘਟਨਾ ਵਿੱਚ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਪਿੰਡ ਸੋਲਾਂਗ ਨੂੰ ਜੋੜਨ ਵਾਲਾ ਆਰਜ਼ੀ ਲੱਕੜ ਦਾ ਪੁਲ ਦਰਿਆ ਵਿੱਚ ਰੁੜ੍ਹ ਗਿਆ। ਮਨਾਲੀ ਦੇ ਐਸਡੀਐਮ ਸੁਰਿੰਦਰ ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਲਾਹੌਲ ਦੇ ਤੇਲਿੰਗ ਨਾਲੇ ‘ਚ ਹੜ੍ਹ ਆਉਣ ਕਾਰਨ ਘਾਟੀ ਦਾ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।
ਮਨਾਲੀ ‘ਚ ਬੀਤੀ ਰਾਤ ਹੋਈ ਭਾਰੀ ਬਰਸਾਤ ਅਤੇ ਉੱਚਾਈ ‘ਤੇ ਬਿਆਸ ਦਰਿਆ ‘ਚ ਹੜ੍ਹ ਆ ਗਿਆ, ਜਿਸ ਕਾਰਨ ਮਨਾਲੀ ਤੋਂ ਕੁਝ ਦੂਰੀ ‘ਤੇ ਦਰਿਆ ਦੇ ਨੇੜੇ ਬਣੀ ਇਮਾਰਤ ਹੜ੍ਹ ਦੇ ਪਾਣੀ ਕਾਰਨ ਨੁਕਸਾਨੀ ਗਈ। ਐਸਡੀਐਮ ਮਨਾਲੀ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਇਸ ਵਾਰ ਜੁਲਾਈ ਮਹੀਨੇ ਵਿੱਚ ਹੀ ਮਾਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੈ। ਇਸ ਵਾਰ ਜੁਲਾਈ ਮਹੀਨੇ ਵਿੱਚ ਹੋਈ ਮਾਨਸੂਨ ਦੀ ਬਾਰਿਸ਼ ਨੇ ਪਿਛਲੇ 17 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 2005 ਤੋਂ ਬਾਅਦ 2022 ਵਿੱਚ ਇੰਨੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਮਾਨਸੂਨ ਦੀ ਬਾਰਿਸ਼ ਕਾਰਨ ਸੂਬੇ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਘਰ ਅਤੇ ਗਊਸ਼ਾਲਾ ਪਾਣੀ ਦੇ ਵਹਾਅ ‘ਚ ਵਹਿ ਗਈ। ਮਲਬਾ ਕਈ ਘਰਾਂ ਵਿੱਚ ਵੜ ਗਿਆ ਹੈ। ਆਲਮ ਇਹ ਹੈ ਕਿ ਮਾਨਸੂਨ ਦੀ ਬਰਸਾਤ ਅਜੇ ਵੀ ਲੋਕਾਂ ਨੂੰ ਡਰਾ ਰਹੀ ਹੈ। ਮਨਾਲੀ ਵਿੱਚ ਬੀਤੀ ਰਾਤ ਬਿਆਸ ਦਰਿਆ ਵਿੱਚ ਆਏ ਹੜ੍ਹ ਕਾਰਨ ਕਾਫੀ ਨੁਕਸਾਨ ਹੋਇਆ ਹੈ। ਨਦੀ ਦੇ ਪਾਰ ਬਣੀ ਇਕ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਜਦਕਿ ਇਕ ਅਸਥਾਈ ਪੁਲ ਵੀ ਰੁੜ੍ਹ ਗਿਆ।
ਮੌਸਮ ਵਿਭਾਗ ਮੁਤਾਬਕ ਮਾਨਸੂਨ ਦੀ ਬਾਰਿਸ਼ ਦਾ ਸਿਲਸਿਲਾ ਬੇਰੋਕ ਜਾਰੀ ਰਹੇਗਾ। ਸੂਬੇ ਵਿੱਚ ਆਉਣ ਵਾਲੇ ਦਿਨਾਂ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਨਦੀਆਂ, ਨਾਲਿਆਂ ਅਤੇ ਜ਼ਮੀਨ ਖਿਸਕਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਵਾਰ ਜੁਲਾਈ ਮਹੀਨੇ ਵਿੱਚ 2005 ਤੋਂ ਬਾਅਦ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ। ਅਜੇ ਜੁਲਾਈ ਦਾ ਮਹੀਨਾ ਬਾਕੀ ਹੈ। ਬਾਕੀ ਦੇ ਦਿਨਾਂ ਵਿੱਚ ਵੀ ਸੂਬੇ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ ਅਤੇ 27 ਅਤੇ 28 ਤਰੀਕ ਨੂੰ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ