ਵੀਓਪੀ ਬਿਊਰੋ – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਨੂੰ ਫੜਨ ਵਾਲੇ ਵਿਅਕਤੀ ਲਈ 10 ਲੱਖ ਦਾ ਇਨਾਮ ਐਲਾਨ ਕੀਤਾ ਹੈ।ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਨੇ ਜ਼ਿਲ੍ਹਾ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਦੇ ਪਿੰਡ ਭਾਰਸਿੰਘਪੁਰਾ ਵਿੱਚ ਸ਼ਿਵ ਮੰਦਰ ਦੇ ਪੁਜਾਰੀ ਦਾ ਕਤਲ ਕਰਵਾ ਦਿੱਤਾ ਸੀ। ਇਸ ਹਮਲੇ ‘ਚ ਇਕ ਔਰਤ ਵੀ ਜ਼ਖਮੀ ਹੋ ਗਈ ਸੀ। ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਹਰਦੀਪ ਸਿੰਘ ਨਿੱਝਰ ਮੂਲ ਰੂਪ ਵਿੱਚ ਭਾਰਸਿੰਘਪੁਰਾ ਦਾ ਰਹਿਣ ਵਾਲਾ ਹੈ ਪਰ ਹੁਣ ਉਹ ਕੈਨੇਡਾ ਵਿੱਚ ਰਹਿ ਕੇ ਖਾਲਿਸਤਾਨੀ ਗਤੀਵਿਧੀਆਂ ਕਰ ਰਿਹਾ ਹੈ। ਉਥੋਂ ਹੀ ਉਸ ਨੇ ਆਪਣੇ ਗੁੰਡਿਆਂ ਰਾਹੀਂ ਆਪਣੇ ਹੀ ਪਿੰਡ ਦੇ ਸ਼ਿਵ ਮੰਦਰ ਦੇ ਪੁਜਾਰੀ ਸੰਤ ਕਮਲਦੀਪ ਦਾ ਕਤਲ ਕਰਵਾ ਦਿੱਤਾ ਸੀ। ਪੁਜਾਰੀ ਨੂੰ ਮਾਰਨ ਦੀ ਸਾਜ਼ਿਸ਼ ਹਰਦੀਪ ਨਿੱਝਰ ਨੇ ਆਪਣੇ ਇੱਕ ਖਾਲਿਸਤਾਨੀ ਸਾਥੀ ਅਰਸ਼ਦੀਪ ਸਿੰਘ ਨਾਲ ਮਿਲ ਕੇ ਰਚੀ ਸੀ। ਅਰਸ਼ਦੀਪ ਨੇ ਹਰਦੀਪ ਦੇ ਕਹਿਣ ‘ਤੇ ਸ਼ੂਟਰ ਨੂੰ ਮੋਗਾ ਤੋਂ ਫਿਲੌਰ ਦੇ ਪਿੰਡ ਭਾਰਸਿੰਘਪੁਰਾ ਭੇਜਿਆ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਨੋਟਿਸ ਵਿੱਚ ਹਰਦੀਪ ਸਿੰਘ ਨੂੰ ਇਨਾਮੀ ਅਪਰਾਧੀ ਕਰਾਰ ਦਿੰਦਿਆਂ ਲਿਖਿਆ ਹੈ ਕਿ ਭਾਰਤ ਖਾਸ ਕਰਕੇ ਪੰਜਾਬ ਵਿੱਚ ਹੋ ਰਹੀਆਂ ਖਾਲਿਸਤਾਨੀ ਗਤੀਵਿਧੀਆਂ ਵਿੱਚ ਵੀ ਇਸ ਦੀ ਭੂਮਿਕਾ ਹੈ। ਸ਼ੂਟਰਾਂ ਨੇ ਪਹਿਲਾਂ ਮੱਥਾ ਟੇਕਣ ਦੇ ਬਹਾਨੇ ਮੰਦਰ ਦੀ ਰੇਕੀ ਕੀਤੀ ਸੀ। ਇਸ ਤੋਂ ਬਾਅਦ ਦੋਹਾਂ ਨੇ 31 ਜਨਵਰੀ 2021 ਨੂੰ ਐਤਵਾਰ ਸਵੇਰੇ 10 ਵਜੇ ਮੰਦਰ ‘ਚ ਗੋਲੀਬਾਰੀ ਕੀਤੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ 9 ਮਹੀਨਿਆਂ ਬਾਅਦ 8 ਅਕਤੂਬਰ ਨੂੰ ਐਫਆਈਆਰ ਦਰਜ ਕੀਤੀ।11 ਫਰਵਰੀ ਨੂੰ ਪੁਲਿਸ ਨੇ ਪਤਾ ਲਗਾਇਆ ਸੀ ਕਿ ਗੋਲੀ ਚਲਾਉਣ ਵਾਲੇ ਮੋਗਾ ਤੋਂ ਆਏ ਸਨ। ਉਥੇ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਦਾ ਪਤਾ ਲਗਾਇਆ। ਇਹ ਕਤਲ ਖਾਲਿਸਤਾਨੀ ਸਮਰਥਕਾਂ ਅਰਸ਼ਦੀਪ ਸਿੰਘ ਅਰਸ਼ ਉਰਫ਼ ਪ੍ਰਭ ਅਤੇ ਹਰਦੀਪ ਸਿੰਘ ਨਿੱਝਰ ਵੱਲੋਂ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਨੇ ਸੋਸ਼ਲ ਮੀਡੀਆ ਰਾਹੀਂ ਕਮਲਜੀਤ ਸ਼ਰਮਾ ਪੁੱਤਰ ਦਰਸ਼ਨ ਲਾਲ ਸ਼ਰਮਾ ਵਾਸੀ ਮੋਗਾ, ਡਾਲਾ (ਮਹਿਣਾ) ਜ਼ਿਲ੍ਹਾ ਮੋਗਾ ਅਤੇ ਰਾਮ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਪੁਜਾਰੀ ਸੰਤ ਗਿਆਨ ਮੁਨੀ ਕਮਲਦੀਪ ਅਤੇ ਹੋਰ ਸ਼ਰਧਾਲੂਆਂ ‘ਤੇ ਗੋਲੀਬਾਰੀ ਕੀਤੀ ਗਈ, ਜਿਸ ‘ਚ ਪੁਜਾਰੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਮੁੱਖ ਸ਼ੂਟਰ ਕਮਲਜੀਤ ਸ਼ਰਮਾ ਵੀ ਅਰਸ਼ਦੀਪ ਦੇ ਪਿੰਡ ਦਾ ਹੀ ਰਹਿਣ ਵਾਲਾ ਹੈ।


