ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਨਵੇਂ ਖੁਲਾਸੇ ਕਰ ਗਈ ਗੋਲਡੀ ਬਰਾੜ ਦੀ ਪੋਸਟ, ਸ਼ੂਟਰ 6 ਜਾਂ 8, ਪੁਲਿਸ ਕਰ ਰਹੀ ਇਕ ਦੀ ਭਾਲ, ਜਦਕਿ ਫਰਾਰ ਨੇ 3…!
ਵੀਓਪੀ ਬਿਊਰੋ – ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਜਿੱਥੇ ਪੁਲਿਸ ਨੇ 3 ਸ਼ੂਟਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ, ਉੱਥੇ ਹੀ ਦੂਜੇ ਪਾਸੇ 2 ਸ਼ੂਟਰਾਂ ਦਾ ਐਨਕਾਊਂਟਰ ਵੀ ਕਰ ਦਿੱਤਾ ਹੈ। ਅਜਿਹੇ ਵਿਚ ਸਿੱਧੂ ਮੂਸੇਵਾਲਾ ਕਤਲਕਾਂਡ ਦੇ 6 ਮੁੱਖ ਸ਼ੂਟਰਾਂ ਵਿੱਚੋਂ 5 ਤਾਂ ਨਿਬੜ ਚੁੱਕੇ ਹਨ ਪਰ ਅਜੇ ਇਕ ਗੈਂਗਸਟਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੀ ਹੈ। ਉਹ 6ਵਾਂ ਗੈਂਗਸਟਰ ਸ਼ੂਟਰ ਮੁੰਡੀ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਭਿਵਾਨੀ ਦਾ ਰਹਿਣ ਵਾਲਾ ਦੀਪਕ ਉਰਫ਼ ਮੁੰਡੀ ਦਾ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿਚ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵੀ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਪਾ ਕੇ ਕਿਹਾ ਹੈ ਕਿ ਉਸ ਦੇ ਦੋ ਸ਼ੇਰਾਂ ਨੇ ਪੁਲਿਸ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੀ ਕਾਲ ਆਈ ਸੀ ਕਿ ਉਹਨਾਂ ਨੂੰ ਪੁਲਿਸ ਨੇ ਘੇਰ ਲਿਆ ਹੈ ਤਾਂ ਉਸ ਨੇ ਕਿਹਾ ਸੀ ਕਿ ਸਰੰਡਰ ਕਰ ਦਿਓ ਪਰ ਉਹਨਾਂ ਨੇ ਕਿਹਾ ਕਿ ਉਹ ਤੁਹਾਨੂੰ ਇਕ ਹੋਰ ਪ੍ਰਫਾਰਮੈਂਸ ਦਿਖਾ ਕੇ ਜਾਣਗੇ ਅਤੇ ਉਹਨਾਂ ਨੇ 6 ਘੰਟੇ ਪੁਲਿਸ ਦਾ ਡੱਟ ਕੇ ਮੁਕਾਬਲਾ ਕੀਤਾ। ਉਸ ਨੇ ਕਿਹਾ ਪੁਲਿਸ ਉਸ ਖਿਲਾਫ ਝੂਠੀਆਂ ਅਫਵਾਹਾਂ ਨਾ ਫੈਲਾਵੇ ਕਿ ਉਸ ਨੇ ਸ਼ੂਟਰਾਂ ਨੂੰ ਪੈਸੇ ਨਹੀਂ ਦਿੱਤੇ ਅਤੇ ਉਸ ਨੇ ਕਤਲ ਤੋਂ ਬਾਅਦ ਕਾਲ ਨਹੀਂ ਚੁੱਕੀ। ਉਹ ਆਪਣੇ ਆਦਮੀਆਂ ਨਾਲ ਹਮੇਸ਼ਾ ਹੀ ਖੜਾ ਹੈ ਅਤੇ ਉਸ ਦੇ ਘਰਦਿਆਂ ਦਾ ਵੀ ਸਾਥ ਦੇਵੇਗਾ।
ਇਸ ਦੌਰਾਨ ਉਸ ਨੇ ਪੁਲਿਸ ਦੇ ਸਾਹਮਣੇ ਇਕ ਹੋਰ ਭੰਬਲਭੂਸਾ ਖੜਾ ਕਰ ਦਿੱਤਾ ਹੈ, ਕਿ ਕਤਲਕਾਂਡ ਦੌਰਾਨ 6 ਨਹੀਂ ਸਗੋਂ 8 ਸ਼ੂਟਰ ਸ਼ਾਮਲ ਸਨ। ਇਸ ਨੂੰ ਲੈ ਕੇ ਨਵਾਂ ਸਵਾਲ ਖੜ੍ਹਾ ਹੋ ਗਿਆ ਹੈ। ਪੰਜਾਬ ਪੁਲਿਸ ਨੇ ਸਿਰਫ਼ 6 ਸ਼ਾਰਪਸ਼ੂਟਰ ਦੱਸੇ ਹਨ। ਜਦਕਿ ਦਿੱਲੀ ਪੁਲਿਸ ਨੇ ਸ਼ੁਰੂਆਤੀ ਜਾਂਚ ‘ਚ 8 ਸ਼ਾਰਪਸ਼ੂਟਰਾਂ ਦੀ ਪਛਾਣ ਕੀਤੀ ਸੀ। ਮੂਸੇਵਾਲਾ ਕਤਲ ਕਾਂਡ ਦੀ ਜਾਂਚ ‘ਚ ਜੁਟੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 8 ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਜਿਸ ਵਿੱਚ ਜਗਰੂਪ ਰੂਪਾ, ਮਨਪ੍ਰੀਤ ਮੰਨੂ, ਪ੍ਰਿਅਵਰਤ ਫੌਜੀ ਤੋਂ ਇਲਾਵਾ ਮਨਪ੍ਰੀਤ ਭੋਲੂ, ਸੁਭਾਸ਼ ਬਨੋਂਦਾ, ਸੰਤੋਸ਼ ਜਾਧਵ, ਸੌਰਵ ਮਹਾਕਾਲ ਅਤੇ ਹਰਕਮਲ ਰਾਣੂ ਦੇ ਨਾਂ ਸ਼ਾਮਲ ਸਨ। ਜਾਂਚ ਤੋਂ ਬਾਅਦ ਰੂਪਾ, ਮੰਨੂ ਅਤੇ ਫੌਜੀ ਤੋਂ ਇਲਾਵਾ ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਦੇ ਨਾਂ ਸ਼ਾਮਲ ਕੀਤੇ ਗਏ। ਬਾਕੀ ਸ਼ੂਟਰਾਂ ਨੂੰ ਇਸ ਕਤਲ ਕੇਸ ਵਿੱਚ ਪੰਜਾਬ, ਦਿੱਲੀ ਅਤੇ ਮਹਾਰਾਸ਼ਟਰ ਪੁਲਿਸ ਤੋਂ ਕਲੀਨ ਚਿੱਟ ਮਿਲ ਗਈ ਹੈ।