ਦਿੱਲੀ ਵਿਖੇ ਜਮਨਪਾਰ ਇਲਾਕੇ ਦੇ ਗੁਰੂਘਰਾਂ ਦੇ ਬਾਹਰ ਲੱਗੇ ਬੰਦੀ ਸਿੰਘਾਂ ਦੇ ਫਲੈਕਸ ਬੋਰਡ
ਨਵੀਂ ਦਿੱਲੀ 26 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨਾ ਹੋਣ ਕਰਕੇ ਕੌਮ ਅੰਦਰ ਇਨ੍ਹਾਂ ਨੂੰ ਰਿਹਾ ਕਰਵਾਉਣ ਲਈ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਨਿਵੇਕਲੇ ਤਰੀਕੇ ਨਾਲ ਜਦੋੰ ਜਹਿਦ ਕਰਣ ਦੇ ਤਰੀਕੇ ਉੱਤੇ ਅਮਲ ਕਰਦਿਆਂ ਦਿੱਲੀ ਵਿਖੇ ਦਿੱਲੀ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਬੱਬਰ ਵਲੋਂ ਆਪਣੇ ਇਲਾਕੇ ਦੇ 16 ਗੁਰਦੁਆਰਾ ਸਾਹਿਬਾਨ ਦੇ ਬਾਹਰ ਬੰਦੀ ਸਿੰਘਾਂ ਦੀ ਜਾਣਕਾਰੀ ਦੇਂਦੇ ਫਲੈਕਸ ਬੋਰਡ ਲਗਵਾ ਦਿੱਤੇ ਗਏ ਹਨ ।
ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜੱਥੇਦਾਰ ਸਾਹਿਬ ਦੇ ਆਦੇਸ਼ਾਂ ਦੀ ਪਾਲਨਾ ਕਰਦਿਆਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਿਵੇਕਲੇ ਰਸਤੇ ਰਾਹੀਂ ਇਹ ਜਦੋ ਜਹਿਦ ਸ਼ੁਰੂ ਕਰ ਦਿੱਤੀ ਹੈ ਤੇ ਆਣ ਵਾਲੇ ਕੁਝ ਹੋਰ ਦਿਨਾਂ ਅੰਦਰ ਦਿੱਲੀ ਦੇ ਵੱਧ ਤੋਂ ਵੱਧ ਗੁਰੂਘਰਾਂ ਅੰਦਰ ਸਾਡੇ ਵਲੋਂ ਫਲੈਕਸ ਬੋਰਡ ਲਗਵਾਏ ਜਾਣਗੇ । ਉਨ੍ਹਾਂ ਦਿੱਲੀ ਕਮੇਟੀ ਦੇ ਉਚ ਔਹਦੇਦਾਰਾਂ ਨੂੰ ਮੁੱਖਾਤਬਿਕ ਹੁੰਦੇ ਕਿਹਾ ਕਿ ਬੰਦੀ ਸਿੰਘ ਸਮੁੱਚੀ ਕੌਮ ਦੇ ਹਨ ਤੇ ਆਪ ਜੀ ਵਲੋਂ ਜੱਥੇਦਾਰ ਅਕਾਲ ਤਖਤ ਸਾਹਿਬ ਦੀ ਅਪੀਲ ਤੇ ਕੋਈ ਵੀਂ ਹੁੰਗਾਰਾ ਨਾ ਦੇਣਾ, ਨਮੋਸ਼ੀ ਜਨਕ ਹੈ |
ਜਦਕਿ ਤੁਸੀਂ ਆਪ ਕਹਿੰਦੇ ਹੋ ਕਿ ਅਕਾਲ ਤਖਤ ਸਾਹਿਬ ਦਾ ਹਰ ਆਦੇਸ਼ ਸਾਡੇ ਸਿਰ ਮੱਥੇ ਤੇ ਹੈ ਤੇ ਹਰ ਹਾਲਾਤਾਂ ਵਿਚ ਉਨ੍ਹਾਂ ਦੀ ਪਾਲਨਾ ਕੀਤੀ ਜਾਏਗੀ ਫੇਰ ਇਸ ਮਾਮਲੇ ਵਿਚ ਹਾਲੇ ਤਕ ਦਿੱਲੀ ਕਮੇਟੀ ਵਲੋਂ ਲੋਕਲ ਗੁਰੂਘਰ ਤਾਂ ਦੂਰ ਕਿਸੇ ਵੀਂ ਇਤਿਹਾਸਿਕ ਗੁਰੂਘਰ ਅੰਦਰ ਫਲੈਕਸ ਬੋਰਡ ਨਹੀਂ ਲਗਵਾਏ ਜਾਣ ਨਾਲ, ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਤਨੇ ਗੰਭੀਰ ਹੋ, ਨਜ਼ਰ ਆ ਰਿਹਾ ਹੈ ।