ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਜੰਤਰ ਮੰਤਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕੀਤਾ ਗਿਆ ਭਾਰੀ ਰੋਸ ਮੁਜਾਹਿਰਾ

ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਜੰਤਰ ਮੰਤਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕੀਤਾ ਗਿਆ ਭਾਰੀ ਰੋਸ ਮੁਜਾਹਿਰਾ

👉 ਰਾਸ਼ਟਰਪਤੀ ਨੂੰ ਦਿੱਤਾ ਗਿਆ ਤਿੰਨ ਮੰਗੀ ਯਾਦਪਤਰ

👉 ਤਿਰੰਗਾ ਛੱਡ ਕੇਸਰੀ ਲਹਿਰਾਓ : ਮਾਨ

ਨਵੀਂ ਦਿੱਲੀ 10 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਜੰਤਰ ਮੰਤਰ ਤੇ ਅਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਰੋਸ ਧਰਨੇ ਅੰਦਰ ਭਾਰੀ ਗਿਣਤੀ ਅੰਦਰ ਪੰਜਾਬ ਅਤੇ ਵੱਖ ਵੱਖ ਸੂਬਿਆਂ ਤੋਂ ਆਈ ਸੰਗਤਾਂ ਨੇ ਹਿੱਸਾ ਲਿਆ । ਇਸ ਧਰਨੇ ਅੰਦਰ ਪੰਥਕ ਅਤੇ ਰਾਜਸੀ ਜਥੇਬੰਦੀਆਂ ਨੇ ਆਪਣੀ ਦੂਰੀ ਬਣਾ ਕੇ ਰੱਖੀ ਖਾਸ ਕਰਕੇ ਦਿੱਲੀ ਦੇ ਕੋਈ ਵੀਂ ਸਿੱਖ ਨੇਤਾ ਜਾਂ ਕਹਿ ਲਵੋ ਅਕਾਲ ਤਖਤ ਸਾਹਿਬ ਤੇ ਬਣਾਈ ਗਈ ਬੰਦੀ ਸਿੰਘ ਰਿਹਾਈ ਮੋਰਚੇ ਦੇ ਮੈਂਬਰ ਵੀਂ ਹਾਜ਼ਿਰ ਨਹੀਂ ਹੋਏ ਸਨ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਖ ਵੱਖ ਬੁਲਾਰਿਆ ਨੇ ਬੰਦੀ ਸਿੰਘਾਂ ਬਾਰੇ ਚਾਨਣ ਪਾਇਆ ਤੇ ਇਕੱਮੂਠ ਹੋ ਕੇ ਕੇਂਦਰ ਸਰਕਾਰ ਕੋਲੋਂ ਇਨ੍ਹਾਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਕੀਤੀ ਅਤੇ ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਸਰਦਾਰ ਮਾਨ ਨੂੰ ਪਾਰਲੀਮੈਂਟ ਵਿਚ ਬੋਲਣ ਲਈ ਸਮਾਂ ਨਹੀਂ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਰਦਾਰ ਮਾਨ ਸਿੱਖ ਮੁੱਦੇਆਂ ਤੇ ਬੋਲਣਗੇ, ਬੰਦੀ ਸਿੰਘਾਂ ਲਈ ਬੋਲਣਗੇ ਪਾਣੀ ਦੇ ਹਕਾਂ ਲਈ ਆਵਾਜ਼ ਚੁੱਕਣਗੇ ਦੇ ਨਾਲ ਨਾਲ ਘੱਟ ਗਿਣਤੀਆਂ ਵਿਰੁੱਧ ਹੋ ਰਹੇ ਜ਼ੁਲਮ ਖਿਲਾਫ ਵੀਂ ਓਹ ਬੋਲਣਗੇ, ਜੋ ਕਿ ਇਕ ਜਮਹੂਰੀ ਅਖਵਾਉਂਦੇ ਦੇਸ਼ ਲਈ ਸ਼ਰਮਨਾਕ ਹੈ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ‘ਹਰਿ ਘਰ ਤਿਰੰਗਾ’ ਮੁਹਿੰਮ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਹਰ ਘਰ ਤਿਰੰਗਾ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ‘ਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਦੇਸ਼ ਵਾਸੀ ਆਪਣੇ ਘਰਾਂ ‘ਤੇ ਤਿਰੰਗਾ ਲਹਿਰਾਉਣ । ਅਜਿਹੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਇਸ ਮੁਹਿੰਮ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਉਨ੍ਹਾਂ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੇ ਵਿਰੋਧ ਵਿੱਚ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ 14-15 ਅਗਸਤ ਨੂੰ ਆਪਣੇ ਘਰਾਂ ਅਤੇ ਦਫ਼ਤਰਾਂ ਵਿੱਚ ਨਿਸ਼ਾਨ ਸਾਹਿਬ ਲਗਾਓ। ਦੀਪ ਸਿੱਧੂ, ਜੋ ਹੁਣ ਸਾਡੇ ਵਿੱਚ ਨਹੀਂ ਹਨ, ਕਹਿੰਦੇ ਸਨ ਕਿ ਸਿੱਖ ਆਜ਼ਾਦ ਹਨ ਅਤੇ ਇੱਕ ਵੱਖਰੀ ਕੌਮ ਦਾ ਹਿੱਸਾ ਹਨ। ਇਮਾਨ ਸਿੰਘ ਮਾਨ ਨੇ ਸਰਕਾਰ ਨੂੰ 24 ਅਗਸਤ ਤੋਂ ਪਹਿਲਾਂ ਬੰਦੀ ਸਿੰਘ ਰਿਹਾ ਕਰਣ ਦੀ ਮੰਗ ਕੀਤੀ ਨਾ ਹੋਣ ਦੀ ਸੂਰਤ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਣ ਦੀ ਚੇਤਾਵਨੀ ਦਿੱਤੀ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇਕ ਯਾਦਪਤਰ ਦਿੱਤਾ ਗਿਆ ਜਿਸ ਵਿਚ ਸਿੱਖ ਸਿਆਸੀ ਬੰਦੀ ਸਿੰਘਾਂ ਬਾਰੇ ਦਸਿਆ ਗਿਆ ਹੈ । ਯਾਦਪਤਰ ਵਿਚ ਦਸਿਆ ਗਿਆ ਹੈ ਕਿ ਸਿੱਖ ਬੰਦੀ ਸਿੰਘ ਜੇਲ੍ਹ ਅੰਦਰ ਕਨੂੰਨ ਮੁਤਾਬਿਕ ਬਣਦੀ ਸਜ਼ਾ ਤੋਂ ਵੀਂ ਵੱਧ ਸਜ਼ਾ ਭੁਗਤ ਚੁੱਕੇ ਹਨ ਜਿਸ ਦੇ ਬਾਵਜੂਦ ਉਨ੍ਹਾਂ ਨੂੰ ਨਾ ਛਡਿਆ ਜਾਣਾ ਸਿੱਖਾਂ ਲਈ ਵੱਖ ਅਤੇ ਬਹੁਗਿਣਤੀ ਲਈ ਵੱਖ ਕਾਨੂੰਨ ਹੋਣ ਦਾ ਪ੍ਰਮਾਣ ਕਰਦਾ ਹੈ । ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਦਿੱਤੇ ਗਏ ਯਾਦਪਤਰ ਵਿਚ ਕੁਲ ਤਿੰਨ ਮੰਗਾ ਦਾ ਜਿਕਰ ਕੀਤਾ ਗਿਆ ਹੈ । ਬੰਦੀ ਸਿੰਘਾਂ ਦੀ ਰਿਹਾਈ, ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਦੇ ਅੰਦਰ ਸੰਨ 2000 ਵਿਚ ਹੋਏ ਸਿੱਖ ਕਤਲੇਆਮ ਦੀ ਨਿਰਪੱਖ ਜਾਂਚ ਦੇ ਨਾਲ ਕਾਤਲਾਂ ਨੂੰ ਬਣਦੀਆਂ ਕਾਨੂੰਨੀ ਸਜ਼ਾਵਾਂ ਦੇਣੀ ਅਤੇ ਸਿੱਖ ਕੌਮ ਦੀ ਧਾਰਮਿਕ ਮੁੱਖ ਸੰਸਥਾ ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਦਾ ਉਚੇਚੇ ਤੌਰ ਤੇ ਪ੍ਰਬੰਧ ਕਰਦੇ ਹੋਏ ਉਪਰੋਕਤ ਤਿੰਨੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਮੰਗ ਕੀਤੀ ਗਈ ਹੈ ।

error: Content is protected !!