ਫਰਜ਼ੀ ਐਨਕਾਊਂਟਰ ‘ਚ ਖੋਹ ਲਿਆ ਸੀ ਮਾਪਿਆਂ ਦਾ ਪੁੱਤ, ਇਨਸਾਫ ਲਈ ਲੜਦਾ ਪਿਓ ਵੀ ਚੱਲ ਵਸਿਆ, 30 ਸਾਲ ਬਾਅਦ ਦੋ ਸੇਵਾਮੁਕਤ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਨੇ ਮੰਨਿਆ ਦੋਸ਼ੀ…

ਫਰਜ਼ੀ ਐਨਕਾਊਂਟਰ ‘ਚ ਖੋਹ ਲਿਆ ਸੀ ਮਾਪਿਆਂ ਦਾ ਪੁੱਤ, ਇਨਸਾਫ ਲਈ ਲੜਦਾ ਪਿਓ ਵੀ ਚੱਲ ਵਸਿਆ, 30 ਸਾਲ ਬਾਅਦ ਦੋ ਸੇਵਾਮੁਕਤ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਨੇ ਮੰਨਿਆ ਦੋਸ਼ੀ…

ਅੰਮ੍ਰਿਤਸਰ/ਮੋਹਾਲੀ (ਵੀਓਪੀ ਬਿਊਰੋ)  1992 ‘ਚ ਕੁਝ ਭ੍ਰਿਸ਼ਟ ਦੇ ਜੱਲਾਦ ਪੁਲਿਸ ਵਾਲਿਆਂ ਨੇ ਇਕ ਬੇਕਸੂਰ ਨੂੰ ਮਾਰ ਕੇ ਆਪਣੀ ਵਾਹ-ਵਾਹੀ ਖੱਟ ਲਈ ਪਰ ਉਹਨਾਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਸੀ ਜਿਨਾਂ ਦੇ ਪੁੱਤ ਉਹਨਾਂ ਤੋਂ ਖੋਹ ਲਿਆ ਸੀ। ਆਪਣੇ ਬੇਟੇ ਦੀ ਮੌਤ ਦੇ ਇਨਸਾਫ ਦੇ ਲਈ ਪਿਓ ਵੀ ਬੇਚਾਰਾ ਅਦਾਲਤਾਂ ਦੇ ਚੱਕਰ ਕੱਟਦਾ-ਕੱਟਦਾ ਮਰ ਗਿਆ ਅਤੇ ਹੁਣ ਉਸ ਦੇ ਦੂਜੇ ਬੇਟੇ ਨੇ ਆਪਣੇ ਮ੍ਰਿਤਕ ਭਰਾ ਨੂੰ ਇਨਸਾਫ ਦਿਵਾਉਣ ਲਈ ਲੜਾਈ ਜਾਰੀ ਰੱਖੀ ਤੇ ਆਖਿਰਕਾਰ ਉਹਨਾਂ ਨੂੰ 30 ਸਾਲ ਬਾਅਦ ਇਨਸਾਫ ਮਿਲਿਆ ਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 2 ਸੇਵਾਮੁਕਤ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਦੌਰਾਨ ਇਕ ਦੋਸ਼ੀ ਪੁਲਿਸ ਵਾਲੇ ਦੀ ਤਾਂ ਕੇਸ ਦੀ ਸੁਣਵਾਈ ਦੌਰਾਨ ਹੀ ਮੌਤ ਹੋ ਗਈ ਸੀ।
ਜਾਣਕਾਰੀ ਮੁਤਾਬਕ 1992 ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਮਹਿਤਾ ਦੇ ਤਤਕਾਲੀ ਐਡੀਸ਼ਨਲ ਐੱਸਐੱਚਓ ਕਿਸ਼ਨ ਸਿੰਘ, ਐੱਸਆਈ ਤਰਸੇਮ ਲਾਲ ਤੇ ਐੱਸਐੱਚਓ ਇੰਸਪੈਕਟਰ ਰਜਿੰਦਰ ਸਿੰਘ (ਜੋ ਇਸ ਸਮੇਂ ਮਰ ਗਿਆ ਹੈ) ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਸਾਹਿਬ ਸਿੰਘ, ਦਲਬੀਰ ਸਿੰਘ ਤੇ ਬਲਵਿੰਦਰ ਸਿੰਘ ਨੂੰ ਉਹਨਾਂ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਥਾਣਾ ਮਹਿਤਾ ਦੀ ਪੁਲਿਸ ਨੇ ਉਹਨਾਂ ਦੇ ਪ੍ਰੋਡਕਸ਼ਨ ਵਾਰੰਟ ਲੈ ਲਏ ਅਤੇ ਉਹਨਾਂ ਨੂੰ ਪੁੱਛਗਿੱਛ ਲਈ ਸੀਆਈਏ ਮਜੀਠਾ ਮੱਲ ਮੰਡੀ ਲੈ ਕੇ ਆਈ। ਇਸ ਦੌਰਾਨ ਉਹਨਾਂ ਨੇ ਇਹਨਾਂ ਤਿੰਨਾਂ ਮੁਲਜ਼ਮਾਂ ਦੇ ਨਾਲ ਇਕ ਹੋਰ ਵਿਅਕਤੀ ਦਾ ਵੀ ਐਨਕਾਊਂਟਰ ਕਰ ਦਿੱਤਾ ਤੇ ਦੋਸ਼ ਲਾ ਦਿੱਤਾ ਕਿ ਉਹ ਸਾਰੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸਨ।
ਇਸ ਤੋਂ ਬਾਅਦ ਉਹਨਾਂ ਨੇ ਸਾਰੇ ਮ੍ਰਿਤਕਾਂ ਦਾ ਬਿਨਾਂ ਕਿਸੇ ਘਰ ਵਾਲਿਆਂ ਨੂੰ ਦੱਸੇ ਹੀ ਸੰਸਕਾਰ ਕਰ ਦਿੱਤਾ। ਇਸ ਦੌਰਾਨ ਸਾਹਿਬ ਸਿੰਘ ਦੇ ਪਿਤਾ ਕਾਹਨ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਤਾਂ 1989 ਵਿੱਚ ਘਰੋਂ ਗਿਆ ਸੀ ਅਤੇ ਦਿੱਲੀ ਵਿਚ ਟਰੱਕ ਚਲਾਉਂਦਾ ਸੀ ਪਰ ਪੁਲਿਸ ਨੇ ਉਸ ਦਾ ਫੇਕ ਐਨਕਾਊਂਟਰ ਕਰ ਦਿੱਤਾ ਤੇ ਉਹਨਾਂ ਨੂੰ ਬਿਨਾਂ ਦੱਸੇ ਹੀ ਉਸ ਦਾ ਸੰਸਕਾਰ ਵੀ ਕਰ ਦਿੱਤਾ। ਇਸ ਤੋਂ ਬਾਅਦ ਸਾਹਿਬ ਸਿੰਘ ਦੇ ਪਿਤਾ ਕਾਹਨ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸ਼ਰਨ ਲਈ ਸੀ। ਇਸ ਦੌਰਾਨ ਅਦਾਲਤ ਦੇ ਹੁਕਮਾਂ ’ਤੇ ਸੀਬੀਆਈ ਨੇ 28 ਫਰਵਰੀ 1997 ਨੂੰ ਥਾਣਾ ਮਹਿਤਾ ਦੇ ਐੱਸਐੱਚਓ ਰਜਿੰਦਰ ਸਿੰਘ, ਵਧੀਕ ਐਰਸਐੱਚਓ ਕਿਸ਼ਨ ਸਿੰਘ ਅਤੇ ਐੱਸਆਈ ਤਰਸੇਮ ਲਾਲ ’ਤੇ ਕਤਲ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਹਨਾਂ ਦੀ ਸਜਾ ਬਾਰੇ ਫੈਸਲਾ ਅਦਾਲਤ 16 ਅਗਸਤ ਨੂੰ ਸੁਣਾਵੇਗੀ।
error: Content is protected !!