ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਇਕੱਲੇ ਬੈਠਾਂਗੇ ਸੜਕ ‘ਤੇ, ਕਿਹਾ ਹੋਮਲੈਂਡ ਰਹਿੰਦੇ ਨੇ ਦੋਸ਼ੀ ਪਰ ਸਰਕਾਰ ਤੇ ਪੁਲਿਸ ਨਹੀਂ ਕਰ ਰਹੀ ਕਾਰਵਾਈ…

ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਇਕੱਲੇ ਬੈਠਾਂਗੇ ਸੜਕ ‘ਤੇ, ਕਿਹਾ ਹੋਮਲੈਂਡ ਰਹਿੰਦੇ ਨੇ ਦੋਸ਼ੀ ਪਰ ਸਰਕਾਰ ਤੇ ਪੁਲਿਸ ਨਹੀਂ ਕਰ ਰਹੀ ਕਾਰਵਾਈ…

 

ਮਾਨਸਾ (ਵੀਓਪੀ ਬਿਊਰੋ) ਆਪਣੇ ਪੁੱਤ ਦੇ ਕਤਲ ਤੋਂ ਦੁਖੀ ਮਾਪਿਆਂ ਦਾ ਦਰਦ ਛੁਪਾਏ ਨਹੀਂ ਛੁੱਪ ਰਿਹਾ। ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਮਹੀਨੇ ਬੀਤ ਗਏ ਹਨ ਪਰ ਅਸਲ ਕਾਤਲ ਕੌਣ ਸੀ ਤੇ ਹੱਤਿਆ ਦਾ ਸਹੀ ਕਾਰਨ ਕੀ ਸੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਇਸ ਸਬੰਧੀ ਦੱਸਣ ਵਿਚ ਨਾਕਾਮ ਰਹੇ ਹਨ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਤੋਂ ਪਰੇਸ਼ਾਨ ਸਵ. ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ।

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਕਿਹਾ ਕਿ ਜਿਨ੍ਹਾਂ ਨੇ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਹੈ, ਦੋਸ਼ੀ ਸਿਰਫ ਉਹ ਹੀ ਨਹੀ ਹਨ, ਹਾਲੇ ਤੱਕ ਇਸ ਮਾਮਲੇ ਵਿੱਚ ਚਿੱਟੇ ਕਾਲਰ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਫਿਰੌਤੀ ਵਸੂਲਣ ਵਾਲੇ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਲੈਣ ਲਈ ਹਫ਼ਤੇ ਬਾਅਦ ਸੜਕਾਂ ’ਤੇ ਉਤਰਾਂਗੇ। ਮਾਤਾ ਸਰਪੰਚ ਚਰਨ ਕੌਰ ਨੇ ਕਿਹਾ ਕਿ ਗੈਂਗਸਟਰਾਂ ਪਿੱਛੇ ਵੱਡੀਆਂ ਤਾਕਤਾਂ ਹਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਸਾਡੇ ਨਾਲ ਆ ਜਾਣ ਤਾਂ ਠੀਕ ਹੈ, ਨਹੀਂ ਤਾਂ ਅਸੀਂ ਦੋਵੇਂ ਸੜਕ ‘ਤੇ ਬੈਠ ਜਾਵਾਂਗੇ। ਸਾਨੂੰ ਸਰਕਾਰ ਕੋਲੋ ਇਨਸਾਫ਼ ਦੀ ਉਮੀਦ ਨਹੀਂ ਹੈ। ਸਾਡਾ ਪਰਿਵਾਰ ਉਜੜ ਗਿਆ ਹੈ ਅਤੇ ਅਸੀ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਹਾਂਗੇ। ਦੂਜੇ ਪਾਸੇ ਇਸ ਸਬੰਧੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਇਸ ਕਤਲ ਕੇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਲਦੀ ਹੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਸੁਰੱਖਿਆ ਵਾਪਸ ਲੈਣ ਵਾਲੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਫਿਰੌਤੀ ਵਸੂਲਣ ਵਾਲੇ ਗੈਂਗਸਟਰ ਹੋਮਲੈਂਡ ਵਿੱਚ ਰਹਿੰਦੇ ਹਨ। ਮੂਸੇਵਾਲਾ ਨੇ ਆਪਣੇ ਗੀਤ ਵਿੱਚ ਇਹ ਵੀ ਕਿਹਾ ਕਿ ਹੋਮਲੈਂਡ ਵਿੱਚ ਵੱਡੇ ਦਲਾਲ ਰਹਿੰਦੇ ਹਨ। ਇਸੇ ਕਰਕੇ ਮੂਸੇਵਾਲਾ ਚੰਡੀਗੜ੍ਹ ਦੀ ਬਜਾਏ ਪਿੰਡ ਵਿੱਚ ਰਹਿਣ ਲੱਗ ਪਿਆ।

error: Content is protected !!