ਮਾਮਲਾ ਪਾਕਿਸਤਾਨ ’ਚ ਸਿੱਖ ਲੜਕੀ ਨੂੰ ਅਗਵਾ ਕਰ ਜਬਰਨ ਵਿਆਹ ਕਰਾਉਣ ਦਾ

ਮਾਮਲਾ ਪਾਕਿਸਤਾਨ ’ਚ ਸਿੱਖ ਲੜਕੀ ਨੂੰ ਅਗਵਾ ਕਰ ਜਬਰਨ ਵਿਆਹ ਕਰਾਉਣ ਦਾ

ਦਿੱਲੀ ਗੁਰਦੁਆਰਾ ਕਮੇਟੀ ਦੇ ਵਫ਼ਦ ਨੇ ਵਿਦੇਸ਼ ਮੰਤਰਾਲੇ ਨਾਲ ਮੁਲਾਕਾਤ ਕਰ ਸੌਂਪਿਆ ਮੰਗ ਪੱਤਰ

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਵੱਲੋਂ ਵਿਦੇਸ਼ ਮੰਤਰਾਲੇ ਨਾਲ ਮੁਲਾਕਾਤ ਕਰ ਪਾਕਿਸਤਾਨ ’ਚ ਸਿੱਖ ਕੁੜੀ ਨੂੰ ਅਗਵਾ ਕਰ ਜਬਰਨ ਮੁਸਲਿਮ ਨਾਲ ਵਿਆਹ ਕਰਾਉਣ ਦਾ ਮਾਮਲਾ ਚੁਕਿਆ।

ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਪਾਕਿਸਾਤਾਨ ’ਚ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਈਚਾਰਾ ਸੁਰੱਖਿਅਤ ਨਹੀਂ ਹਨ। ਹਾਲੀਆ ਘਟਨਾ ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਬੁਨੇਰ ਜਿਲੇ ਦੇ ਪੀਰ ਬਾਬਾ ਟਾਊਨ ਦਾ ਹੈ ਜਿੱਥੇ ਇੱਕ 25 ਸਾਲਾ ਸਿੱਖ ਕੁੜੀ ਦੀਨਾ ਕੌਰ ਜੋ ਕਿ ਟੀਚਰ ਹੈ ਉਸ ਨੂੰ ਰਿਕਸ਼ਾ ਚਾਲਕ ਦੁਆਰਾ ਅਗਵਾ ਕਰ ਜਬਰਨ ਮੁਸਲਿਮ ਨਾਲ ਵਿਆਹ ਕਰਵਾ ਦਿੱਤਾ ਗਿਆ। ਪੀੜ੍ਹਤਾ ਦਾ ਪਰਿਵਾਰ ਮਦਦ ਲਈ ਗੁਹਾਰ ਲਗਾ ਰਿਹਾ ਹੈ ਲੇਕਿਨ ਪ੍ਰਸ਼ਾਸਨ ਅਤੇ ਪੁਲਿਸ ਉਨ੍ਹਾਂ ਦੀ ਮਦਦ ਨਹੀਂ ਕਰ ਰਹੀ ਇੱਥੋਂ ਤਕ ਕਿ ਪੁਲਿਸ ਵੱਲੋਂ ਐਫ਼.ਆਈ.ਆਰ ਦਰਜ ਕਰਨ ਵਿਚ ਵੀ ਅਣਗਿੱਲੀ ਵਰਤੀ ਜਾ ਰਹੀ ਹੈ।

ਦਿੱਲੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਪਾਕਿਸਤਾਨ ਵਿਚ ਘੱਟਗਿਣਤੀ ਖਾਸਤੌਰ ’ਤੇ ਹਿੰਦੂ ਅਤੇ ਸਿੱਖਾਂ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਅਤੇ ਉਹ ਲਗਾਤਾਰ ਖਤਰੇ ਵਿਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਵਿਚ ਇਨ੍ਹਾਂ ਦੀ ਸੁਰੱਖਿਆ ਲਈ ਸਮੇਂ ਰਹਿੰਦੇ ਕਾਰਵਾਈ ਨਾ ਕੀਤੀ ਗਈ ਤਾਂ ਅਫ਼ਗਾਨਿਸਤਾਨ ਦੀ ਤਰ੍ਹਾਂ ਪਾਕਿਸਤਾਨ ਵਿਚ ਵੀ ਹਿੰਦੂ ਅਤੇ ਸਿੱਖ ਭਾਈਚਾਰੇ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ।

ਉਨ੍ਹਾਂ ਦੱਸਿਆ ਕਿ ਮਾਮਲੇ ਦੇ ਸਬੰਧ ਵਿਚ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਜਾਇੰਟ ਸਕੱਤਰ ਨਾਲ ਮੁਲਾਕਾਤ ਕਰਕੇ ਮੰਗਪੱਤਰ ਸੌਂਪਿਆ ਹੈ ਜਿਸ ਵਿਚ ਅਪੀਲ ਕੀਤੀ ਗਈ ਹੈ ਕਿ ਭਾਰਤ ਸਰਕਾਰ ਇਸ ਮੁੱਦੇ ਨੂੰ ਪਾਕਿਸਤਾਨ ਕੋਲ ਚੁੱਕੇ ਅਤੇ ਸੁਨਿਸ਼ਚਿਤ ਬਣਾਏ ਕਿ ਪੀੜ੍ਹਤ ਲੜਕੀ ਆਪਣੇ ਪਰਿਵਾਰ ਕੋਲ ਸੁਰੱਖਿਅਤ ਪਰਤੇ।

ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਭਾਜਪਾ ਆਗੂ ਅਤੇ ਸਾਬਕਾ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਹੋਰ ਸਿੱਖ ਆਗੂ ਮੌਜੁਦ ਰਹੇ।

error: Content is protected !!