ਮੁੰਡੇ-ਕੁੜੀਆਂ ਇਕੱਠੇ ਬੈਠ ਕੇ ਪੀ ਰਹੇ ਸੀ ਚਿੱਟਾ, ਸਮਝਾਉਣ ਗਿਆ ਤਾਂ ਨਸ਼ਾ ਤਸਕਰ ਨੂੰ ਬੁਲਾ ਕੇ ਵੱਢ ਦਿੱਤੀ ਬਾਹ, ਗੰਢਾਸਾ ਮਾਰ-ਮਾਰ ਕੇ ਕਰ’ਤਾ…

ਮੁੰਡੇ-ਕੁੜੀਆਂ ਇਕੱਠੇ ਬੈਠ ਕੇ ਪੀ ਰਹੇ ਸੀ ਚਿੱਟਾ, ਸਮਝਾਉਣ ਗਿਆ ਤਾਂ ਨਸ਼ਾ ਤਸਕਰ ਨੂੰ ਬੁਲਾ ਕੇ ਵੱਢ ਦਿੱਤੀ ਬਾਹ, ਤੇਜ਼ਧਾਰ ਹਥਿਆਰ ਮਾਰ-ਮਾਰ ਕੇ ਕਰ’ਤਾ…

ਸ੍ਰੀ ਮੁਕਤਸਰ ਸਾਹਿਬ (ਵੀਓਪੀ ਬਿਊਰੋ) ਗਿੱਦੜਵਾਹਾ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਨਸ਼ਾ ਖਤਮ ਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਜਾਂਦੀ ਹੈ। ਦਰਅਸਲ ਇਲਾਕੇ ਦੇ ਪਿੰਡ ਗੁਰੂਸਰ ਵਿਖੇ ਨੌਜਵਾਨ ਨੇ ਜਦੋਂ ਤਿੰਨ ਲੜਕੀਆਂ ਤੇ ਇਕ ਲੜਕੇ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਆਪਣੇ ਸਾਥੀ ਨਸ਼ਾ ਤਸਕਰ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਮਾਮਲੇ ਤੋਂ ਬਾਅਦ ਉਸ ਨੂੰ ਗਿੱਦੜਵਾਹਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਨੂੰ ਮਾਮਲਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਸਿਵਚਰਨ ਸਿੰਘ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦ ਉਹ ਆਪਣੀ ਫੈਕਟਰੀ ਵੱਲ ਗਿਆ ਤਾਂ ਉਸ ਨੇ ਦੇਖਿਆ ਕਿ ਉੱਥੇ 3 ਲੜਕੀਆਂ ਅਤੇ ਇਕ ਲੜਕਾ ਚਿੱਟੇ ਦਾ ਸੇਵਨ ਕਰ ਰਹੇ ਹਨ। ਇਸ ਦੌਰਾਨ ਉਹਨਾਂ ਨੇ ਉਕਤ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਨਸ਼ਾ ਨਾ ਕਰਨ ਦੀ ਸਲਾਹ ਦਿੱਤੀ ਤਾਂ ਉਹ ਅੱਗੇ ਤੋਂ ਉਸ ਨਾਲ ਝਗੜਾ ਕਰਨ ਲੱਗੇ ਅਤੇ ਇਸ ਦੌਰਾਨ ਉਹਨਾਂ ਨੇ ਆਪਣੇ ਸਾਥੀ ਤੇ ਨਸ਼ਾ ਤਸਕਰ ਸੁਖਮਿੰਦਰ ਸਿੰਘ ਨੂੰ ਬੁਲਾ ਲਿਆ। ਇਸ ਦੌਰਾਨ ਉਸ ਨੇ ਵੀ ਮੌਕੇ ਉੱਪਰ ਆ ਕੇ ਉਹਨਾਂ ਦੇ ਨਾਲ ਮਿਲ ਕੇ ਉਸ ਉੱਪਰ ਤੇਜ਼ਧਾਰ ਹਥਿਆਰਾਂ (ਗੰਢਾਸਾ) ਦੇ ਨਾਲ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਉਸ ਦੀ ਸੱਜੀ ਵਾਹ ਵੱਢੀ ਗਈ ਅਤੇ ਉਸ ਦਾ ਜਾਨ ਵੀ ਖਤਰੇ ਵਿੱਚ ਪੈ ਗਈ।

ਇਸ ਦੌਰਾਨ ਉਸ ਨੇ ਅੱਗੇ ਗੱਲ ਕਰਦੇ ਹੋਏ ਦੋਸ਼ ਲਾਏ ਕਿ ਉਕਤ ਮੁਲਜ਼ਮ ਸੁਖਮਿੰਦਰ ਸਿੰਘ ਨਸ਼ਾ ਤਸਕਰੀ ਕਰਦਾ ਹੈ। ਉਸ ਨੇ ਦੱਸਿਆ ਕਿ ਹਰ ਰੋਜ਼ ਸੁਖਮਿੰਦਰ ਸਿੰਘ ਕੋਲ ਸੈਕੜੇ ਨੌਜਵਾਨ ਆਉਂਦੇ ਰਹਿੰਦੇ ਹਨ, ਜਿੰਨਾ ਨੂੰ ਉਹ ਸ਼ਰੇਆਮ ਨਸ਼ਾ ਵੇਚਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਪਿੰਡ ‘ਚ ਬਾਹਰਲੇ ਪਿੰਡਾਂ ਦੀ ਲੜਕੀਆਂ ਵੀ ਨਸ਼ਾ ਲੈਣ ਆਉਂਦੀਆਂ ਹਨ ਅਤੇ ਉਕਤ ਕਥਿਤ ਨਸ਼ਾ ਤਸਕਰ ਸ਼ਰੇਆਮ ਉਨ੍ਹਾਂ ਨੂੰ ਚਿੱਟਾ ਸੇਵਨ ਕਰਵਾਉਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੀ ਇਸ ਸਬੰਧੀ ਕੋਈ ਕਾਰਵਾਈ ਨਹੀ ਅਤੇ ਜਿਸ ਕਰ ਕੇ ਪਿੰਡ ਦੇ ਵੱਡੀ ਗਿਣਤੀ ‘ਚ ਮੁੰਡੇ-ਕੁੜੀਆਂ ਨਸ਼ੇ ਦੀ ਦਲਦਲ ‘ਚ ਗਲਤਾਨ ਹੋ ਰਹੇ ਹਨ। ਉਨ੍ਹਾਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮੌਕੇ ਜਦ ਉਕਤ ਮਾਮਲੇ ਸਬੰਧੀ ਗਿੱਦੜਬਾਹਾ ਦੇ ਇੰਸਪੈਕਟਰ ਪ੍ਰੇਮ ਨਾਥ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਉਹ ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉੱਪਰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

error: Content is protected !!