ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤਿ ਦਿਵਸ ਸ਼ਰਧਾ ਨਾਲ ਮਨਾਇਆ ਗਿਆ

ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤਿ ਦਿਵਸ ਸ਼ਰਧਾ ਨਾਲ ਮਨਾਇਆ ਗਿਆ

 

ਨਵੀਂ ਦਿੱਲੀ, 20 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵੱਲੋਂ ਅੱਜ ਪਹਿਲੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਗੁ: ਨਾਨਕ ਪਿਆਓ ਸਾਹਿਬ ਵਿਖੇ ਬੜੇ ਸ਼ਰਧਾ-ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਭਰਵੀਂ ਗਿਣਤੀ ’ਚ ਸੰਗਤਾਂ ਗੁਰੂ ਘਰ ’ਚ ਨਤਮਸਤਕ ਹੋਈਆਂ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਸੰਗਤ ਦੁਆਰਾ ਜਗ੍ਹਾ-ਜਗ੍ਹਾ ਪ੍ਰਸ਼ਾਦ ਦੇ ਸਟਾਲ ਲਗਾਏ ਗਏ।

ਦਿੱਲੀ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਸੰਗਤ ਨੂੰ ਭਰੋਸਾ ਦੁਆਇਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸੰਗਤਾਂ ਨੂੰ ਜਲਦ ਹੋਰ ਵੀ ਮੈਡੀਕਲ ਸੁਵਿਧਾਵਾਂ ਦਾ ਲਾਭ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮਾਤਾ ਸ਼ਰਣ ਕੌਰ ਜੀ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਉਣ ਲਈ ਉਨ੍ਹਾਂ ਦਾ ਦਿਹਾੜਾ ਵੀ ਮਨਾਇਆ ਜਾਵੇਗਾ। ਸ. ਕਾਲਕਾ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਨਾਥਾਂ, ਜੋਗੀਆਂ, ਸਾਧਾਂ ਦੇ ਘੇਰੇ ਵਿੱਚੋਂ ਕੱਢ ਕੇ ਗ੍ਰਹਿਸਥ ਜੀਵਨ ਜਿਉਂਦਿਆਂ ਨਾਮ ਜਪਣ, ਕਰਤਾਰ ਨਾਲ ਜੁੜਨ ਅਤੇ ਪ੍ਰਮਾਤਮਾ ਦਾ ਹੁਕਮ ਮੰਨਣ ਦਾ ਸੰਦੇਸ਼ ਦਿੱਤਾ। ਰੰਗ, ਇਲਾਕੇ, ਜ਼ਾਤ-ਜਮਾਤ ਦੇ ਵਖਰੇਵੇਂ ਤਿਆਗ ਕੇ ਨੇਕ ਕਮਾਈ ਕਰਨ ਅਤੇ ਉਸ ਵਿੱਚੋਂ ਵੰਡ ਕੇ ਛੱਕਣ ਦਾ ਕਲਿਆਣਕਾਰੀ ਰਾਹ ਦਿਖਾਇਆ। ਉਨ੍ਹਾਂ ਨੇ ਆਪਣੇ ਵਿਚਾਰਾਂ ਨਾਲ ਅਸਹਿਮਤ ਲੋਕਾਂ ਨਾਲ ਸੰਵਾਦ ਦੀ ਰੀਤ ਆਰੰਭ ਕੀਤੀ ਅਤੇ ਇਸ ਤਰ੍ਹਾਂ ਪਿਆਰ, ਸਤਿਕਾਰ ਦੀ ਭਾਵਨਾ ਨੂੰ ਫੈਲਾਇਆ।

ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸਿੱਖ ਸੰਗਤ ਨੂੰ ਆਪਣੇ ਬੱਚਿਆਂ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਪੜ੍ਹਾਉਣ ਦੀ ਅਪੀਲ ਕੀਤੀ ਤਾ ਜੋ ਸਕੂਲਾਂ ਦੀ ਵਿਰਾਸਤ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਸੰਗਤ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਗਿਆਨ ਰੂਪੀ ਚੇਤਨਾ ਦੀ ਜੋਤਿ ਦੀ ਰੋਸ਼ਨੀ ਵਿੱਚ ਲਿਆਂਦਾ। ਇਸ ਜੋਤਿ ਨੂੰ ਜਗਾਈ ਰੱਖਣ ਦਾ ਪ੍ਰਚਾਰ ਕਰਨ ਲਈ ਗੁਰੂ ਸਾਹਿਬ ਨੇ ਸੰਸਾਰ ਭਰ ਦਾ ਭਰਮਣ ਕੀਤਾ ਅਤੇ ਰੱਬੀ ਬਾਣੀ ਰਾਹੀਂ ਆਪਣਾ ਸੰਦੇਸ਼ ਮਾਨਵਤਾ ਤੱਕ ਪਹੁੰਚਾਇਆ। ਉਨ੍ਹਾਂ ਦੇ 19 ਰਾਗਾਂ ਵਿੱਚ 974 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਜੋਤਿ ਬਣੇ ਗੁਰੂ ਸਾਹਿਬਾਨ ਦਾ ਸੰਦੇਸ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਦਮਾਨ ਹੈ। ਉਨ੍ਹਾਂ ਦਾ ਉਪਦੇਸ਼ ਕਿਸੇ ਇੱਕ ਜ਼ਾਤ, ਫਿਰਕੇ ਜਾਂ ਧਰਮ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਹੈ। ਇਸੇ ਲਈ ਉਨ੍ਹਾਂ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦਾ ਹੋਕਾ ਦਿੰਦਿਆਂ ਮਨੁੱਖੀ ਬਰਾਬਰੀ ਦਾ ਪ੍ਰਚਾਰ ਕੀਤਾ।

ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤਕ ਸਮਾਗਮ ਕਰਵਾਏ ਗਏ ਜਿਸ ਦੀ ਆਰੰਭਤਾ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਉਪਰੰਤ ਹੋਈ। ਆਸਾ ਦੀ ਵਾਰ ਭਾਈ ਨਿਰਮਲ ਸਿੰਘ ਜੀ ਹਜੂਰੀ ਕੀਰਤਨੀਏ ਗੁ:ਸੀਸ ਗੰਜ ਸਾਹਿਬ ਅਤੇ ਸ਼ਬਦ ਵਿਚਾਰ ਭਾਈ ਬਲਦੇਵ ਸਿੰਘ ਜੀ ਹੈੱਡ ਗ੍ਰੰਥੀ ਨੇ ਕੀਤੀ। ਬਾਬਾ ਬਚਨ ਸਿੰਘ ਜੀ ਦੇ ਵਰਸੋਏ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤ ਨੂੰ ਨਾਮ ਸਿਮਰਨ ਕਰਵਾਇਆ ਅਤੇ ਭਾਈ ਕਾਰਜ ਸਿੰਘ ਜੀ ਹਜੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ, ਭਾਈ ਹਰਜੋਤ ਸਿੰਘ ਜੀ ਜਖਮੀ ਜਾਲੰਧਰ ਵਾਲੇ, ਪਾਈ ਜਤਿੰਦਰ ਸਿੰਘ ਜੀ, ਭਾਈ ਅਜੀਤ ਸਿੰਘ ਕੁਲਬੀਰ ਸਿੰਘ ਜੀ ਹਜੂਰੀ ਕੀਰਤਨੀਏ ਗੁ: ਸੀਸ ਗੰਜ ਸਾਹਿਬ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਭਾਈ ਗੁਰਚਰਣ ਸਿੰਘ ਚੰਨ ਨੇ ਢਾਡੀ ਪ੍ਰਸੰਗ ਅਤੇ ਕਵੀਆਂ ਨੇ ਆਪਣੀ ਕਵਿਤਾਵਾਂ ਰਾਹੀਂ ਗੁਰੂ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕੀਤਾ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਵਿੰਦਰ ਸਿੰਘ ਕੇ.ਪੀ, ਐਮ.ਪੀ.ਐਸ ਚੱਢਾ, ਸ. ਵਿਕਰਮ ਸਿੰਘ ਰੋਹਿਣੀ, ਰਮੀਤ ਸਿੰਘ ਸਮਾਰਟੀ ਚੱਢਾ, ਅਮਰਜੀਤ ਸਿੰਘ ਪਿੰਕੀ, ਗੁਰਪ੍ਰੀਤ ਸਿੰਘ ਜੱਸਾ, ਕਰਤਾਰ ਸਿੰਘ ਵਿੱਕੀ ਚਾਵਲਾ, ਇੰਦਰਜੀਤ ਸਿੰਘ ਮੋਂਟੀ, ਜਤਿੰਦਰਪਾਲ ਸਿੰਘ ਗੋਲਡੀ ਆਦਿ ਨੇ ਵੀ ਹਾਜ਼ਰੀ ਭਰੀ।

error: Content is protected !!