2024 ‘ਚ ਚਾਚਾ-ਭਤੀਜਾ ਹੋਣਗੇ ਇਕੱਠੇ, ਕੈਪਟਨ ਦੇ ਭਾਜਪਾ ਨਾਲ ਰਲੇਵੇ ਤੋਂ ਬਾਅਦ ਹੁਣ ਅਕਾਲੀ ਦਲ ਨੂੰ ਵੀ ਹੈ ਮੁੜ ਤੋਂ ਸੁਰਜੀਤ ਹੋਣ ਲਈ ਸਹਾਰੇ ਦੀ ਭਾਲ…

2024 ‘ਚ ਚਾਚਾ-ਭਤੀਜਾ ਹੋਣਗੇ ਇਕੱਠੇ, ਕੈਪਟਨ ਦੇ ਭਾਜਪਾ ਨਾਲ ਰਲੇਵੇ ਤੋਂ ਬਾਅਦ ਹੁਣ ਅਕਾਲੀ ਦਲ ਨੂੰ ਵੀ ਹੈ ਮੁੜ ਤੋਂ ਸੁਰਜੀਤ ਹੋਣ ਲਈ ਸਹਾਰੇ ਦੀ ਭਾਲ…

ਜਲੰਧਰ (ਸੁੱਖ ਸੰਧੂ) ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ। ਉਹ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਨਰਿੰਦਰ ਤੋਮਰ, ਕਿਰਨ ਰਿਜਿਜੂ ਅਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਦਾ ਕਾਂਗਰਸ ਪਾਰਟੀ ਦੇ ਨਾਲ ਲੰਬਾ ਰਿਸ਼ਤਾ ਤਾਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਖਤਮ ਹੋ ਗਿਆ ਸੀ ਅਤੇ ਇਸ ਦੌਰਾਨ ਉਹਨਾਂ ਦੀ ਆਪਣੀ ਬਣਾਈ ਹੋਈ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਵੀ ਭਾਜਪਾ ਵਿੱਚ ਰਲੇਵਾਂ ਕਰ ਕੇ ਪੂਰੀ ਤਰਹਾਂ ਨਾਲ ਭਾਜਪਾਈ ਬਣ ਗਏ ਹਨ। ਅੱਜ ਦੇ ਸਮੇਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਉਮਰ 80 ਸਾਲ ਦੇ ਕਰੀਬ ਹੈ ਅਤੇ ਅਜਿਹਾ ਦੇਖਿਆ ਜਾ ਰਿਹਾ ਹੈ ਕਿ ਇਸ ਸਮੇਂ ਉਹਨਾਂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋ ਕੇ ਕਿਤੇ ਨਾ ਕਿਤੇ ਆਪਣੇ ਪਰਿਵਾਰ ਨੂੰ ਆਉਣ ਵਾਲੇ ਭਵਿੱਖ ਵਿੱਚ ਸੁਰੱਖਿਅਤ ਰੱਖਣਾ ਹੈ।

ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਜਾਇਬ ਸਿੰਘ ਭੱਟੀ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਕੇਵਲ ਸਿੰਘ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਹਰਚੰਦ ਕੌਰ, ਹਰਜਿੰਦਰ ਠੇਕੇਦਾਰ, ਪੰਜਾਬ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਬਲਬੀਰ ਰਾਣੀ ਸੋਢੀ, ਨਿਰਵਾਨ ਸਿੰਘ, ਕਮਲਜੀਤ ਸੈਨੋ ਅਤੇ ਫਰਜ਼ਾਨਾ ਤੋਂ ਇਲਾਵਾ ਉਨਹਾਂ ਦੇ ਪੁੱਤਰ ਰਣਇੰਦਰ ਸਿੰਘ ਤੇ ਬੇਟੀ  ਜੈਇੰਦਰ ਕੌਰ ਵੀ ਹਾਜ਼ਰ ਸਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਹੀ ਸੰਭਾਲ ਦੇ ਲਈ ਭਾਜਪਾ ਲਈ ਸਹੀ ਹੈ ਕਿਉਂਕਿ ਭਾਜਪਾ ਨੇ ਦੇਸ਼ ਨੂੰ ਵੀ ਚੰਗੀ ਤਰਹਾਂ ਦੇ ਨਾਲ ਸੰਭਾਲਿਆ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੀ ਵਾਂਗਡੋਰ ਵੀ ਜੇਕਰ ਭਾਜਪਾ ਦੇ ਹੱਥ ਵਿੱਚ ਰਹੇਗੀ ਤਾਂ ਪੰਜਾਬ ਹੋਰ ਤੇਜੀ ਨਾਲ ਤਰੱਕੀ ਕਰ ਸਕੇਗਾ। ਉਨ੍ਹਾਂ ਕਿਹਾ ਕਿ ਮੈਂ ਪਾਕਿਸਤਾਨ ਨਾਲ ਸਾਡੇ ਸਬੰਧਾਂ ਨੂੰ ਵਿਗੜਦੇ ਦੇਖਿਆ ਹੈ। ਡਰੋਨ ਹੁਣ ਪੰਜਾਬ ਵਿੱਚ ਪੂਰੀ ਤਰ੍ਹਾਂ ਨਾਲ ਹਫੜਾ-ਦਫੜੀ ਮਚਾਉਣ ਲਈ ਸਾਡੇ ਇਲਾਕੇ ਵਿੱਚ ਆ ਰਹੇ ਹਨ। ਚੀਨ ਵੀ ਸਾਡੇ ਤੋਂ ਦੂਰ ਨਹੀਂ ਹੈ। ਆਪਣੇ ਰਾਜ ਅਤੇ ਦੇਸ਼ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ।

ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਤਾਂ ਉਹਨਾਂ ਦੀ ਹਾਲਤ ਵੀ ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਪਤਲੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਵਿਰੋਧ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਭਾਜਪਾ ਦਾ ਸਾਥ ਛੱਡਣਾ ਪਿਆ ਅਤੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨਾਲ ਮਿਲ ਕੇ ਆਪਣੀ ਕਿਸਮਤ ਅਜ਼ਮਾਈ ਪਰ ਦੋਵਾਂ ਨੂੰ ਮਿਲ ਕੇ ਵੀ ਕੋਈ ਫਾਇਦਾ ਨਹੀਂ ਹੋਇਆ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੇ 5 ਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਬੇਟੇ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ, ਬਿਕਰਮ ਮਜੀਠੀਆ ਅਤੇ ਹੋਰਨਾਂ ਸੀਨੀਅਰ ਆਗੂਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਇਸ ਦੌਰਾਨ ਅਕਾਲੀ ਦਲ ਨੂੰ ਸਿਰਫ 3 ਸੀਟਾਂ ਉੱਪਰ ਜਿੱਤ ਪ੍ਰਾਪਤ ਹੋਈ ਸੀ, ਇਸ ਦੇ ਨਾਲ ਹੀ ਉਹਨਾਂ ਦੀ ਸਹਿਯੋਗੀ ਪਾਰਟੀ ਬਸਪਾ ਨੂੰ ਵੀ ਸਿਰਫ ਇਕ ਸੀਟ ਉੱਪਰ ਹੀ ਜਿੱਤ ਪ੍ਰਾਪਤ ਹੋਈ।

ਇਸ ਲਈ ਦੇਖਿਆ ਜਾ ਸਕਦਾ ਹੈ ਕਿ ਲੋਕ ਸਭਾ ਚੋਣਾਂ -2024 ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਫਿਰ ਤੋਂ ਭਾਜਪਾ ਦਾ ਸਾਥ ਹਾਸਲ ਕਰ ਲਵੇ ਅਤੇ ਪੰਜਾਬ ਵਿੱਚ ਆਪਣੀ ਸਾਖ ਬਚਾਉਣ ਲਈ ਕੋਸ਼ਿਸ਼ ਕਰੇ। ਜੇਕਰ ਅਜਿਹਾ ਹੁੰਦਾ ਹੈ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਜਿਨ੍ਹਾਂ ਨੂੰ ਕਿ ਸਿਆਸਤ ਵਿੱਚ ਚਾਚਾ-ਭਤੀਜਾ ਵੀ ਕਿਹਾ ਜਾਂਦਾ ਹੈ, ਇਕ-ਦੂਜੇ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆ ਸਕਦੇ ਹਨ। ਕਿਉਂਕਿ ਕਈ ਵਾਰ ਅਜਿਹੇ ਮੌਕੇ ਦੇਖੇ ਗਏ ਹਨ, ਜਿਸ ਤੋਂ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਚਾਹੇ ਹੀ ਭਾਜਪਾ ਤੋਂ ਵੱਖ ਹੋ ਗਈ ਹੈ ਪਰ ਅਜੇ ਵੀ ਅੰਦਰਖਾਤੇ ਸਾਥ ਚਾਹੁੰਦੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਚੋਣ ਦੌਰਾਨ ਵੀ ਸ਼੍ਰੋਮਣੀ ਅਕਾਲੀ ਦਲ ਦਾ ਖੁੱਲ੍ਹੇਆਮ ਭਾਜਪਾ ਦੀ ਹਮਾਇਤ ਕਰਨਾ ਇਸ ਦੀ ਇਕ ਵੱਡੀ ਉਦਹਾਰਨ ਹੈ।

ਦੂਜੇ ਪਾਸੇ ਜਿਸ ਤਰਹਾਂ ਦੇ ਨਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਅਤੇ ਇਸ ਦੌਰਾਨ ਕਾਂਗਰਸ ਵੀ ਲਗਾਤਾਰ ਬੈਕਫੁੱਟ ਉੱਪਰ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ 2024 ਦੀਆਂ ਚੋਣਾਂ ਦੌਰਾਨ ਸਾਨੂੰ ਸਿਆਸਤ ਵਿੱਚ ਵੱਡੇ ਫੇਰਬਦਲ ਦੇਖਣ ਨੂੰ ਮਿਲਣ। ਜੇਕਰ 2024 ਦੀਆਂ ਲੋਕ ਸਭਾ ਚੋਣਾਂ ਦੇ ਨੇੜੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਭਾਜਪਾ ਦੇ ਨਾਲ ਪਹਿਲਾ ਵਾਲਾ ਸਾਥ ਫਿਰ ਤੋਂ ਹਾਸਲ ਕਰ ਲੈਂਦੀ ਹੈ ਤਾਂ ਸਿਆਸਤ ਦੀ ਦੁਨੀਆ ਦੇ ਚਾਚਾ-ਭਤੀਜਾ ਫਿਰ ਇਕ-ਦੂਜੇ ਨੂੰ ਜਿੱਤਾਉਣ ਦੇ ਲਈ ਪ੍ਰਚਾਰ ਕਰਨਗੇ। ਬਾਕੀ ਇਹ ਸਭ ਅਜੇ ਅਟਕਲਾਂ ਹੀ ਹਨ ਅਤੇ ਆਉਣ ਵਾਲਾ ਸਮਾਂ ਅਤੇ ਸਿਆਸੀ ਹਵਾ ਕਿਸ ਪਾਸੇ ਨੂੰ ਆਪਣਾ ਰੁਖ ਕਰਦੀ ਹੈ, ਇਸ ਵੱਲ ਸਾਰਿਆਂ ਦਾ ਧਿਆਨ ਹੈ। ਅਸੀ ਤਾਂ ਸਿਰਫ ਇਹ ਹੀ ਕਹਿ ਸਕਦੇ ਹਾਂ ਕਿ ਜੋ ਵੀ ਹੋਵੇ ਅਤੇ ਸੱਤਾ ਵਿੱਚ ਵੀ ਕੋਈ ਵੀ ਹੋਵੇ ਪਰ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਹੀ ਕਾਰਜ ਹੋਣ।

error: Content is protected !!