ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਦੀ ਫਿਰਾਕ ਵਿਚ ਹੈ ਆਈਐਸਆਈ, ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ ਪੁਲਸ ਨੇ ਪੰਜ ਅੱਤਵਾਦੀ ਕੀਤੇ ਗ੍ਰਿਫ਼ਤਾਰ, ਏਕੇ 47 ਜਿਹੇ ਮਾਰੂ ਹਥਿਆਰ ਫੜੇ, ਕਈ ਧਾਰਮਿਕ ਆਗੂ ਸੀ ਟਾਰਗੇਟ ਉਤੇ

ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਦੀ ਫਿਰਾਕ ਵਿਚ ਹੈ ਆਈਐਸਆਈ, ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ ਪੁਲਸ ਨੇ ਪੰਜ ਅੱਤਵਾਦੀ

ਕੀਤੇ ਗ੍ਰਿਫ਼ਤਾਰ, ਏਕੇ 47 ਜਿਹੇ ਮਾਰੂ ਹਥਿਆਰ ਫੜੇ, ਕਈ ਧਾਰਮਿਕ ਆਗੂ ਸੀ ਟਾਰਗੇਟ ਉਤੇ

ਪੰਜਾਬ (ਵੀਓਪੀ ਬਿਊਰੋ)  ਪਾਕਿਸਤਾਨੀ ਅੱਤਵਾਦੀ ਏਜੰਸੀ ਆਈਐਸਆਈ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਫਿਰਾਕ ਵਿਚ ਹੈ ਪਰ ਉਸ ਦੇ ਮਨਸੂਬਿਆਂ ਉਤੇ ਪੰਜਾਬ ਪੁਲਿਸ ਨੇ ਪਾਣੀ ਫੇਰ ਦਿੱਤਾ ਹੈ। ਪੰਜਾਬ ਪੁਲਸ ਨੇ ਸੂਬੇ ਵਿਚ ਵੱਖ ਵੱਖ ਥਾਵਾਂ ਤੋਂ ਪੰਜ ਅੱਤਵਾਦੀ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ਕੋਲੋਂ ਏਕੇ-56 ਰਾਈਫ਼ਲਾਂ, 90 ਕਾਰਤੂਸ ਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ।ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਦੋ ਤੇ ਤਰਨਤਾਰਨ ਪੁਲਸ ਨੇ ਤਿੰਨ ਅੱਤਵਾਦੀਆਂ  ਨੂੰ ਕਾਬੂ ਕੀਤਾ ਹੈ।

ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਕੌਮਾਂਤਰੀ ਦਹਿਸ਼ਤਗਰਦੀ ਮਾਡਿਊਲ ਵਿੱਚ ਸ਼ਾਮਲ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਮੌਕੇ ’ਤੇ ਪਾਕਿਸਤਾਨ ਤੋਂ ਭੇਜੀਆਂ ਏਕੇ-56 ਰਾਈਫ਼ਲਾਂ ਅਤੇ 90 ਕਾਰਤੂਸ ਬਰਾਮਦ ਕੀਤੇ ਹਨ। ਇਹ ਰਾਈਫਲ ਅਤੇ ਕਾਰਤੂਸ ਵਿਦੇਸ਼ਾਂ ‘ਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਦੀ ਮਦਦ ਨਾਲ ਡਰੋਨ ਰਾਹੀਂ ਇਨ੍ਹਾਂ ਅੱਤਵਾਦੀਆਂ ਨੂੰ ਮੁਹੱਈਆ ਕਰਵਾਏ ਗਏ ਸਨ। ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ (ਵਾਸੀ ਬਸਤੀ ਸ਼ਾਮੇ ਵਾਲੀ, ਜੋਗੇਵਾਲਾ ਮੱਖੂ, ਫਿਰੋਜ਼ਪੁਰ) ਅਤੇ ਗੁਰਬਖਸ਼ ਸਿੰਘ (ਵਾਸੀ ਗੁੱਜਰਾਂ ਮੱਖੂ, ਫਿਰੋਜ਼ਪੁਰ) ਵਜੋਂ ਹੋਈ ਹੈ। ਪੁੱਛਗਿੱਛ ਤੋਂ ਬਾਅਦ ਦੋਵਾਂ ਅੱਤਵਾਦੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਪੰਜਾਬ ਦੇ ਡੀਜੀਪੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਵਿੱਚ ਲਿਖਿਆ ਗਿਆ ਹੈ, “ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ, ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਲਖਬੀਰ ਲੰਡਾ ਅਤੇ ਪਾਕਿ ਅਧਾਰਤ ਹਰਵਿੰਦਰ ਰਿੰਦਾ ਦੁਆਰਾ ਨਿਯੰਤਰਿਤ ਇੱਕ ISI ਸਮਰਥਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਦੋ ਮਾਡਿਊਲ ਮੈਂਬਰਾਂ ਨੂੰ ਇੱਕ ਏਕੇ-56 ਰਾਈਫਲ, 2 ਮੈਗਜ਼ੀਨ ਅਤੇ 90 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਅੱਤਵਾਦੀ ਪਾਕਿਸਤਾਨ ‘ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਸੰਧੂ, ਕੈਨੇਡਾ ‘ਚ ਬੈਠੇ ਲਖਬੀਰ ਸਿੰਘ ਲੰਡਾ ਅਤੇ ਇਟਲੀ ‘ਚ ਬੈਠੇ ਹਰਪ੍ਰੀਤ ਸਿੰਘ ਹੈਪੀ ਦੇ ਸੰਪਰਕ ‘ਚ ਸਨ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ਾਂ ‘ਚ ਬੈਠੇ ਇਨ੍ਹਾਂ ਅੱਤਵਾਦੀਆਂ ਨੇ ਇਹ ਹਥਿਆਰ ISI ਦੀ ਮਦਦ ਨਾਲ ਭਾਰਤ ਭੇਜੇ ਸਨ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਅੱਤਵਾਦੀ ਬਲਜੀਤ ਪਾਕਿਸਤਾਨ ‘ਚ ਬੈਠੇ ਅੱਤਵਾਦੀ ਰਿੰਦਾ ਦੇ ਸੰਪਰਕ ‘ਚ ਸੀ ਅਤੇ ਦੋ ਸਾਲਾਂ ਤੋਂ ਲਗਾਤਾਰ ਉਸ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ। ਰਿੰਦਾ ਫਿਰੋਜ਼ਪੁਰ ਬਾਰਡਰ ‘ਤੇ ਡਰੋਨ ਰਾਹੀਂ ਹਥਿਆਰ ਭੇਜਦਾ ਸੀ ਅਤੇ ਇਹ ਵੀ ਹਦਾਇਤ ਕਰਦਾ ਸੀ ਕਿ ਇਨ੍ਹਾਂ ਨੂੰ ਕਿੱਥੇ ਲੁਕਾਉਣਾ ਹੈ। ਜਲੰਧਰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਇਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਤਰਨਤਾਰਨ ਤੋਂ ਤਿੰਨ ਅੱਤਵਾਦੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਉਧਰ, ਜ਼ਿਲ੍ਹਾ ਤਰਨਤਾਰਨ ਵਿਖੇ ਪੁਲਸ ਨੇ ਆਈਐੱਸਆਈ ਨਾਲ ਸਬੰਧਤ ਤਿੰਨ ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ।  ਇਨ੍ਹਾਂ ਦੀ ਪਛਾਣ ਦਰਮਨਜੋਤ ਸਿੰਘ ਨਿਵਾਸੀ ਤਲਵੰਡੀ ਖੁੰਮਣ ਬਟਾਲਾ, ਪਰਮਿੰਦਰ ਪਿੰਦੀ ਨਿਵਾਸੀ ਪਿੰਡ ਹਰਸ਼ੀਆਂ ਬਟਾਲਾ ਅਤੇ ਮੁਕੇਸ਼ ਕੁਮਾਰ ਨਿਵਾਸੀ ਜੰਬਾ ਕਰਨਾਲ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਸ ਨੇ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਬਾਰੇ ਜਾਂਚ ਹਾਲੇ ਜਾਰੀ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨਜ਼ਦੀਕ ਇਕ ਕਾਰ ’ਚ ਸਵਾਰ 3 ਮੁਲਜ਼ਮਾਂ ਨੂੰ ਸੀ.ਆਈ.ਏ. ਸਟਾਫ਼ ਪੱਟੀ ਦੀ ਪੁਲਸ  ਨੇ ਗ੍ਰਿਫ਼ਤਾਰ ਕੀਤਾ। ਜਾਂਚ ਵਿਚ ਖੁਲਾਸਾ ਹੋਇਆ ਕਿ ਇਨ੍ਹਾਂ ਦੇ ਸਬੰਧ ਪਾਕਿਸਤਾਨੀ ਏਜੰਸੀ ਆਈਐੱਸਆਈ ਨਾਲ ਹਨ। ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ, ਜੋ ਫੰਡਿੰਗ ਦਾ ਕੰਮ ਵੀ ਕਰਦੇ ਹਨ। ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਹ ਤਿੰਨੇ ਮੁਲਜ਼ਮ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਸਨ। ਇਨ੍ਹਾਂ ਦੇ ਟਾਰਗੇਟ ਉਤੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂ ਸਨ। ਮੁਲਜ਼ਮ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਫਿਰਾਕ ’ਚ ਸਨ। ਹਾਲਾਂਕਿ ਪੁਲਸ ਅਧਿਕਾਰੀ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ।

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਸ ਵੱਲੋਂ ਦੋ ਹੋਰ ਦੇਸ਼ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪੁਲਸ ਵਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਮੀਡੀਆ ਨੂੰ ਇਸ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ।

 

 

error: Content is protected !!