ਮੁਹੱਲੇ ਵਿਚ ਸ਼ਰਾਬ ਪੀ ਕੇ ਲੜਦਿਆਂ ਨੂੰ ਛੁਡਾਉਣਾ ਪਿਆ ਮਹਿੰਗਾ, ਕੁੱਟ-ਕੁੱਟ ਕੇ ਚਾਰ ਬੱਚਿਆਂ ਦੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ

ਮੁਹੱਲੇ ਵਿਚ ਸ਼ਰਾਬ ਪੀ ਕੇ ਲੜਦਿਆਂ ਨੂੰ ਛੁਡਾਉਣਾ ਪਿਆ ਮਹਿੰਗਾ, ਕੁੱਟ-ਕੁੱਟ ਕੇ ਚਾਰ ਬੱਚਿਆਂ ਦੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ


ਸਮਰਾਲਾ (ਵੀਓਪੀ ਬਿਊਰੋ) : ਮੁਹੱਲੇ ਵਿਚ ਸ਼ਰਾਬ ਪੀ ਕੇ ਲਡ਼ਦੇ ਲੋਕਾਂ ਨੂੰ ਛੁਡਾਉਣਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਮੁਲਜ਼ਮਾਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਸਮਰਾਲਾ ਦੇ ਹਰਨਾਮ ਨਗਰ ਮੁਹੱਲੇ ਦਾ ਹੈ। ਮ੍ਰਿਤਕ ਦੀ ਪਛਾਣ ਮਿਕਾਈਲ ਸ਼ੇਖ ਉਮਰ 33 ਸਾਲ ਵੱਜੋਂ ਹੋਈ ਹੈ, ਜੋ ਕਿ ਪਿਛਲੇ ਕਈ ਸਾਲਾਂ ਤੋਂ ਮੁਹੱਲੇ ਵਿਚ ਬਣੀਆਂ ਝੁੱਗੀਆਂ ’ਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਉਹ ਚਾਰ ਬੱਚਿਆਂ ਦਾ ਪਿਓ ਦੱਸਿਆ ਜਾ ਰਿਹਾ ਹੈ, ਜੋ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ ਅਤੇ ਕਈ ਸਾਲਾਂ ਤੋਂ ਇੱਥੇ ਕਬਾੜ ਦਾ ਕੰਮ ਕਰਦਾ ਸੀ।


ਮ੍ਰਿਤਕ ਦੇ ਭਰਾ ਕਮਲ ਸ਼ੇਖ ਨੇ ਦੱਸਿਆ ਕਿ ਰਾਤ ਕਰੀਬ ਗਿਆਰਾਂ ਵਜੇ ਉਨ੍ਹਾਂ ਦੀ ਬਸਤੀ ਵਿਚ ਕੁਝ ਵਿਅਕਤੀ ਆਪਸ ਵਿਚ ਸ਼ਰਾਬ ਪੀ ਕੇ ਲੜ ਰਹੇ ਸਨ। ਉਸ ਦਾ ਭਰਾ ਮਿਕਾਈਲ ਸ਼ੇਖ ਉਨ੍ਹਾਂ ਨੂੰ ਛੁਡਵਾਉਣ ਲਈ ਮੌਕੇ ’ਤੇ ਗਿਆ ਤਾਂ ਉਹ ਸਾਰੇ ਵਿਅਕਤੀ ਸ਼ਰਾਬੀ ਹਾਲਤ ਵਿਚ ਉਸ ਦੇ ਭਰਾ ਨਾਲ ਹੀ ਉਲਝ ਪਏ। ਗੱਲ ਇੰਨੀ ਵੱਧ ਗਈ ਕਿ ਉਨ੍ਹਾਂ ਵਿਅਕਤੀਆਂ ਨੇ ਉਸ ਦੇ ਭਰਾ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਮੌਕੇ ’ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਹਨ ਅਤੇ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਕਾਰਵਾਈ ਆਰੰਭ ਕਰ ਦਿੱਤੀ ਹੈ। ਉਧਰ ਦੂਜੇ ਪਾਸੇ ਇਸ ਦਰਦਨਾਕ ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਅਤੇ ਉਸਦੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

error: Content is protected !!