ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੜੱਪਣ ਦੇ ਲੱਗੇ ਦੋਸ਼, ਕਬਜ਼ਾ ਨਹੀਂ ਛੱਡਿਆ ਤਾਂ ਸੜਕਾਂ ‘ਤੇ ਉੱਤਰਣਗੀਆਂ ਸਿੱਖ ਜਥੇਬੰਦੀਆਂ ਅਤੇ ਇਲਾਕਾ ਨਿਵਾਸੀ
ਅੰਮ੍ਰਿਤਸਰ (ਮਨਿੰਦਰ ਕੌਰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ-ਕੱਲ੍ਹ ਸਿਤਾਰੇ ਗਰਦਿਸ਼ ‘ਚ ਨਜ਼ਰ ਆ ਰਹੇ ਹਨ| ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਉੱਤੇ ਇੱਕ ਸਕੂਲ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਮਾਣਯੋਗ ਕੋਰਟ ਵੱਲੋਂ ਉਨ੍ਹਾਂ ਉਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ ਸੀ| ਹੁਣ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜੋ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦਾ ਹੈ| ਜਿੱਥੇ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਗੁਰਦੁਆਰਾ ਅਟਾਰੀ ਸਾਹਿਬ ਦੀ ਜ਼ਮੀਨ ਹੜੱਪਣ ਦੇ ਦੋਸ਼ ਲੱਗੇ ਹਨ| ਉੱਥੇ ਹੀ ਮੈਂਬਰ ਦੇ ਖਿਲਾਫ ਪਹਿਲਾਂ ਹੀ ਕੋਰਟ ਵੱਲੋਂ ਜਗ੍ਹਾ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ| ਲੇਕਿਨ ਹਾਲੇ ਤੱਕ ਜਗ੍ਹਾ ਨੂੰ ਖਾਲੀ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ|
ਜਿਸ ਵਿਚ ਦੋਸ਼ ਲਗਾਉਂਦੇ ਹੋਏ ਸਿਖ ਆਗੂ ਦਿਲਬਾਗ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ‘ਤੇ ਇਹ ਧਾਂਦਲੀ ਕੀਤੀ ਗਈ ਸੀ ਅਤੇ ਦਸ ਸਾਲ ਪਹਿਲਾਂ ਹੀ ਕੋਰਟ ਵੱਲੋਂ ਐੱਸਜੀਪੀਸੀ ਮੈਂਬਰ ‘ਤੇ ਵੀ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਲੇਕਿਨ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ| ਜਿਸ ਨੂੰ ਲੈ ਕੇ ਅਸੀਂ ਹੁਣ ਜਲਦ ਹੀ ਸੜਕਾਂ ਤੇ ਉਤਰਾਂਗੇ ਅਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਖਾਲੀ ਵੀ ਕਰਵਾਵਾਂਗੇ ਅਤੇ ਕਬਜ਼ਾ ਵੀ ਛੁਡਵਾਵਾਂਗੇ| ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਪੁਲਸ ਪ੍ਰਸ਼ਾਸਨ ਨੂੰ ਵੀ ਵਾਰ-ਵਾਰ ਅਪੀਲ ਕਰ ਚੁੱਕੇ ਹਾਂ ਕਿ ਇਹ ਜਗ੍ਹਾ ਖਾਲੀ ਕਰਵਾਈ ਜਾਵੇ ਅਤੇ ਕਬਜ਼ਾ ਦਿਵਾਇਆ ਜਾਵੇ| ਉਨ੍ਹਾਂ ਇਹ ਵੀ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਜੋ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਨੇ ਨਾਜਾਇਜ਼ ਕਬਜ਼ਾ ਕੀਤਾ ਹੋਵੇ| ਪਿੰਡ ਦੇ ਅੰਦਰੂਨੀ ਇਲਾਕੇ ਵਿਚ ਪੈਣ ਵਿੱਚ ਗੁਰਦੁਆਰਾ ਸਾਹਿਬ ਦੀ ਡੇਢ ਕਿੱਲਾ ਜ਼ਮੀਨ ‘ਤੇ ਵੀ ਕਬਜ਼ਾ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਹੁਣ ਸਾਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ|