ਦੁਸਹਿਰੇ ਵਾਲੇ ਦਿਨ ਗਾਜ਼ੀਆਬਾਦ ਵਿਚ ਦੋ ਧਮਾਕੇ, ਢਹਿ ਢੇਰੀ ਹੋਏ ਘਰ, ਚਾਰ ਜਣਿਆਂ ਦੀ ਹੋਈ ਮੌਤ

ਦੁਸਹਿਰੇ ਵਾਲੇ ਦਿਨ ਗਾਜ਼ੀਆਬਾਦ ਵਿਚ ਦੋ ਧਮਾਕੇ, ਢਹਿ ਢੇਰੀ ਹੋਏ ਘਰ, ਚਾਰ ਜਣਿਆਂ ਦੀ ਹੋਈ ਮੌਤ

ਨੈਸ਼ਨਲ (ਵੀਓਪੀ ਬਿਊਰੋ): ਦੁਸਹਿਰੇ ਦੇ ਤਿਉਹਾਰ ਦੇ ਦਿਨ ਗਾਜ਼ੀਆਬਾਦ ਵਿਚ ਦੋ ਧਮਾਕੇ ਹੋਏ। ਇਨ੍ਹਾਂ ਵਿਚ ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਦੋਵਾਂ ਘਟਨਾਵਾਂ ਵਾਲੀਆਂ ਥਾਵਾਂ ਉਤੇ ਪੁਲਿਸ ਨੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਵੀ ਮੌਕੇ ਉਤੇ ਪਹੁੰਚ ਗਈਆਂ।
ਪਹਿਲਾ ਧਮਾਕਾ ਲੋਨੀ ਦੇ ਬਬਲੂ ਗਾਰਡਨ ‘ਚ ਬੁੱਧਵਾਰ ਸਵੇਰੇ ਹੋਇਆ। ਘਰ ਵਿਚ ਗੈਸ ਸਿਲੰਡਰ ਫਟਣ ਨਾਲ ਮਕਾਨ ਢਹਿ ਗਿਆ। ਦੋ ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਗਈ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰਾਹਤ ਤੇ ਬਚਾਅ ਕਾਰਜ ‘ਚ ਲੱਗੀ ਹੋਈ ਹੈ।
ਮੁਨੀਰ ਦਾ ਲੋਨੀ ਦੇ ਬਬਲੂ ਗਾਰਡਨ ਵਿਚ ਦੋ ਮੰਜ਼ਿਲਾ ਮਕਾਨ ਹੈ। ਮੁਨੀਰ ਇੱਥੇ ਆਪਣੀ ਪਤਨੀ, ਚਾਰ ਪੁੱਤਰਾਂ, ਦੋ ਨੂੰਹਾਂ ਅਤੇ ਬੱਚਿਆਂ ਨਾਲ ਰਹਿੰਦਾ ਸੀ। ਉਹ ਲੋਨੀ ਵਿੱਚ ਹੀ ਆਟੋ ਮਕੈਨਿਕ ਅਤੇ ਕਢਾਈ ਦਾ ਕੰਮ ਕਰਦਾ ਹੈ। ਬੁੱਧਵਾਰ ਸਵੇਰੇ ਕਰੀਬ ਸਾਢੇ 10 ਵਜੇ ਖਾਣਾ ਤਿਆਰ ਕੀਤਾ ਜਾ ਰਿਹਾ ਸੀ।


ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਗੈਸ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਇਸ ਕਾਰਨ ਮਕਾਨ ਢਹਿ ਗਿਆ ਅਤੇ ਕਈ ਲੋਕ ਉਸ ਵਿੱਚ ਦੱਬ ਗਏ। ਮਲਬੇ ‘ਚੋਂ ਪੰਜ ਲੋਕਾਂ ਨੂੰ ਕੱਢ ਲਿਆ ਗਿਆ ਹੈ। ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਗਈ ਹੈ।
ਹਾਦਸੇ ਸਮੇਂ ਮੁਨੀਰ ਅਤੇ ਉਸ ਦਾ ਇਕ ਲੜਕਾ ਘਰ ਤੋਂ ਬਾਹਰ ਸਨ। ਘਰ ਵਿੱਚ ਔਰਤਾਂ ਅਤੇ ਬੱਚੇ ਸਨ। ਫਾਇਰ ਬ੍ਰਿਗੇਡ ਦੀ ਟੀਮ, ਪੁਲਿਸ ਅਤੇ ਨਗਰ ਕੌਂਸਲ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕੰਮ ‘ਚ ਲੱਗੀ ਹੋਈ ਹੈ। ਮੌਕੇ ‘ਤੇ ਜੇਸੀਬੀ ਨਾਲ ਮਲਬਾ ਹਟਾ ਕੇ ਫਸੇ ਲੋਕਾਂ ਨੂੰ ਕੱਢਣ ਦੇ ਯਤਨ ਜਾਰੀ ਹਨ। ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਦੂਜਾ ਧਮਾਕਾ ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਵਿਚ ਹੀ ਹੋਇਆ। ਇਕ ਪਰਿਵਾਰ ਟੀਵੀ ਵੇਖ ਰਿਹਾ ਸੀ ਕਿ ਅਚਾਨਕ ਐਲਈਡੀ ਟੀਵੀ ਫੱਟ ਗਿਆ। ਹਾਦਸੇ ਵਿਚ ਇਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਮਾਂ, ਭਰਜਾਈ ਅਤੇ ਪਰਿਵਾਰ ਦਾ ਇਕ ਦੋਸਤ ਵੀ ਜ਼ਖਮੀ ਹੋ ਗਿਆ। ਇਨਾਂ ਹੀ ਨਹੀਂ, ਧਮਾਕੇ ਨਾਲ ਘਰ ਦੀਆਂ ਕੰਧਾਂ ਤਕ ਢਹਿ-ਢੇਰੀ ਹੋ ਗਈਆਂ।

ਪੁਲਿਸ ਮੁਤਾਬਕ ਧਮਾਕਾ ਅਜਿਹਾ ਸੀ ਕਿ ਕੰਕਰੀਟ ਦੀ ਸਲੈਬ ਅਤੇ ਕੰਧ ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ਕਾਰਨ ਆਸ-ਪਾਸ ਦੇ ਲੋਕ ਦਹਿਸ਼ਤ ਵਿੱਚ ਹਨ। ਪੁਲਿਸ ਅਨੁਸਾਰ ਹਾਦਸੇ ਵਿੱਚ ਜਾਨ ਗਵਾਉਣ ਵਾਲੇ 16 ਸਾਲਾ ਓਮੇਂਦਰ ਦੇ ਚਿਹਰੇ, ਛਾਤੀ ਅਤੇ ਗਰਦਨ ’ਤੇ ਛੋਟੇ-ਛੋਟੇ ਟੁੱਕੜੇ ਹੋਣ ਕਾਰਨ ਗੰਭੀਰ ਸੱਟਾਂ ਲੱਗੀਆਂ ਹਨ।ਜਾਣਕਾਰੀ ਅਨੁਸਾਰ ਐਲਈਡੀ ਟੀਵੀ ਵਿੱਚ ਧਮਾਕਾ ਹੋਣ ਸਮੇਂ ਮ੍ਰਿਤਕ ਓਮਿੰਦਰ, ਉਸਦੀ ਮਾਂ, ਭਾਬੀ ਅਤੇ ਉਸਦਾ ਦੋਸਤ ਕਰਨ ਕਮਰੇ ਵਿੱਚ ਸਨ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਉਹ ਦੂਜੇ ਕਮਰੇ ਵਿੱਚ ਸੀ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰਾ ਘਰ ਹਿੱਲ ਗਿਆ ਅਤੇ ਕੰਧ ਦੇ ਕੁਝ ਹਿੱਸੇ ਡਿੱਗ ਗਏ। ਪੁਲਿਸ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਦੇ ਗੁਆਂਢੀ ਦਾ ਕਹਿਣਾ ਹੈ ਕਿ ਧਮਾਕੇ ਦੀ ਆਵਾਜ਼ ਸਿਲੰਡਰ ਫਟਣ ਵਰਗੀ ਸੀ।

error: Content is protected !!