ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਦੀ ਛੇ ਗੋਲ਼ੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ, ਇਸ ਗੈਂਗਸਟਰ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ (ਵੇਖੋ ਵੀਡੀਓ)
ਤਰਨਤਾਰਨ (ਵੀਓਪੀ ਬਿਊਰੋ) ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 54 ‘ਤੇ ਪੈਂਦੇ ਪਿੰਡ ਦੀਨਪੁਰ ‘ਚ ਰੈਡੀਮੇਡ ਕੱਪਡ਼ਿਆਂ ਦੀ ਦੁਕਾਨ ਦੇ ਮਾਲਕ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆ ਕੇ ਤਾਬੜ-ਤੋੜ ਗੋਲ਼ੀਆਂ ਚਲਾਈਆਂ ਤੇ ਫ਼ਰਾਰ ਹੋ ਗਏ। ਹੱਤਿਆ ਤੋਂ ਬਾਅਦ ਇਕ ਗੈਂਗਸਟਰ ਨੇ ਫੇਸਬੁੱਕ ਪੇਜ਼ ਉਤੇ ਪੋਸਟ ਪਾ ਕੇ ਇਸ ਹੱਤਿਆ ਦੀ ਜ਼ਿੰਮੇਵਾਰੀ ਲੈ ਲਈ ਹੈ।
ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਰਸੂਲਪੁਰ ਨੇ ਨੈਸ਼ਨਲ ਹਾਈਵੇ-54 ਅਧੀਨ ਪੈਂਦੇ ਪਿੰਡ ਦੀਨਪੁਰ ਵਿੱਚ ਕੁਝ ਸਮਾਂ ਪਹਿਲਾਂ ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਮੰਗਲਵਾਰ ਸ਼ਾਮ ਜਦੋਂ ਗੁਰਜੰਟ ਸਿੰਘ ਦੁਕਾਨ ‘ਤੇ ਮੌਜੂਦ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਦੁਕਾਨ ‘ਚ ਦਾਖਲ ਹੁੰਦਿਆਂ ਹੀ ਗ਼ੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਦੌਰਾਨ ਗੁਰਜੰਟ ਸਿੰਘ ਦੇ ਸਰੀਰ ‘ਤੇ ਅੱਧੀ ਦਰਜਨ ਦੇ ਕਰੀਬ ਗੋਲੀਆਂ ਚੱਲੀਆਂ। ਗੁਰਜੰਟ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਤਰਨਤਾਰਨ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸ.ਪੀ ਜਾਂਚ ਵਿਸ਼ਾਲ ਜੀ.ਸੀ. ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਹੱਤਿਆ ਤੋਂ ਬਾਅਦ ਉਸ ਸਮੇਂ ਮਾਮਲੇ ‘ਚ ਨਵਾਂ ਮੋੜ ਆ ਗਿਆ, ਜਦੋਂ ਗੁਰਜੰਟ ਦੀ ਹੱਤਿਆ ਦੀ ਜ਼ਿੰਮੇਵਾਰੀ ਲਖਬੀਰ ਲੰਡਾ ਨੇ ਲਈ। ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਇੰਟਰਨੈੱਟ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਪੋਸਟ ਵਿੱਚ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਕਿਹੈ ਕਿ ਗੁਰਜੰਟ ਪੁਲਿਸ ਵਿਚ ਭਰਤੀ ਹੋਇਆ ਸੀ, ਉਸ ਨੇ ਮੇਰੇ ਭਰਾ ਅਰਸ਼ਦੀਪ ਭੱਟੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ। ਉਹ (ਗੁਰਜੰਟ) ਪੁਲਿਸ ਵਿੱਚ ਭਰਤੀ ਹੋਇਆ ਸੀ ਮੈਂ ਉਸ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਸੀ ਅਤੇ ਇਕ ਦੋਸਤ ਦੇ ਕਹਿਣ ‘ਤੇ ਉਸ ਨੂੰ ਬਿਨਾਂ ਪੈਸੇ ਲਏ ਛੱਡ ਦਿੱਤਾ ਸੀ।
ਉਧਰ, ਮ੍ਰਿਤਕ ਗੁਰਜੰਟ ਦੇ ਪਿਤਾ ਅਜੈਬ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ, “ਲਗਭਗ ਚਾਰ ਮਹੀਨੇ ਪਹਿਲਾਂ ਗੈਂਗਸਟਰ ਲੰਡਾ ਨੇ ਮੇਰੇ ਪੁੱਤ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ, ਪਰ ਸਾਡੇ ‘ਤੇ ਪਹਿਲਾਂ ਹੀ 40 ਲੱਖ ਰੁਪਏ ਦਾ ਕਰਜ਼ਾ ਸੀ।”