ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀ ਉਤੇ ਜਾਨਲੇਵਾ ਹਮਲਾ, ਚਾਕੂ ਨਾਲ ਕੀਤੇ ਗਏ 11 ਵਾਰ, ਹਾਲਤ ਨਾਜ਼ੁਕ

ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀ ਉਤੇ ਜਾਨਲੇਵਾ ਹਮਲਾ, ਚਾਕੂ ਨਾਲ ਕੀਤੇ ਗਏ 11 ਵਾਰ, ਹਾਲਤ ਨਾਜ਼ੁਕ


ਸਿਡਨੀ (ਬਿਊਰੋ) ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀ ਉਤੇ ਜਾਨਲੇਵਾ ਹਮਲਾ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਮਲਾ ਕਰਨ ਵਾਲੇ ਨੇ ਵਿਦਿਆਰਥੀ ‘ਤੇ ਚਾਕੂ ਨਾਲ 11 ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿਚ ਪੜ੍ਹਦਾ ਸ਼ੁਭਮ ਗਰਗ (28) ਮਕੈਨੀਕਲ ਇੰਜਨੀਅਰਿੰਗ ਵਿਚ ਪੀਐਚਡੀ ਦਾ ਵਿਦਿਆਰਥੀ ਹੈ। ਫਿਲਹਾਲ ਉਹ ਹਸਪਤਾਲ ‘ਚ ਦਾਖਲ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਭਮ 6 ਅਕਤੂਬਰ ਨੂੰ ਕਰੀਬ 10 ਵਜੇ ਘਰ ਦਾ ਕਿਰਾਇਆ ਦੇਣ ਲਈ ਏ.ਟੀ.ਐਮ ਤੋਂ 800 ਡਾਲਰ ਕਢਵਾ ਕੇ ਕਮਰੇ ਵਿੱਚ ਜਾ ਰਿਹਾ ਸੀ। ਫਿਰ ਅਚਾਨਕ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਉਸ ਦੇ ਜਬਾੜੇ, ਪੇਟ ਸਮੇਤ ਸਰੀਰ ਦੇ ਕਈ ਹਿੱਸਿਆਂ ਵਿਚ 11 ਵਾਰ ਕੀਤੇ ਗਏ। ਇਸ ਹਮਲੇ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਆਗਰਾ ਵਿੱਚ ਰਹਿੰਦੇ ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਸ਼ੁਭਮ ਨੇ IIT ਮਦਰਾਸ ਤੋਂ ਆਪਣੀ ਬੈਚਲਰ ਆਫ਼ ਟੈਕਨਾਲੋਜੀ ਅਤੇ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪੂਰੀ ਕੀਤੀ ਅਤੇ 1 ਸਤੰਬਰ ਨੂੰ ਆਸਟ੍ਰੇਲੀਆ ਚਲਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਸ਼ੁਭਮ ਦੇ ਚਿਹਰੇ, ਛਾਤੀ ਅਤੇ ਪੇਟ ‘ਤੇ ਕਈ ਜ਼ਖਮ ਹਨ। 27 ਸਾਲਾ ਇੱਕ ਸ਼ੱਕੀ ਨੂੰ ਅਪਰਾਧ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ‘ਕਤਲ ਦੀ ਕੋਸ਼ਿਸ਼’ ਦਾ ਦੋਸ਼ ਲਗਾਇਆ ਗਿਆ ਹੈ।


ਸ਼ੁਭਮ ਦੇ ਪਿਤਾ ਰਾਮਨਿਵਾਸ ਗਰਗ ਨੇ ਕਿਹਾ ਕਿ ਸ਼ੁਭਮ ਦੇ ਆਸਟ੍ਰੇਲੀਆ ਵਿਚਲੇ ਦੋਸਤਾਂ ਨੇ ਪੁਸ਼ਟੀ ਕੀਤੀ ਹੈ ਕਿ ਨਾ ਤਾਂ ਉਹ ਅਤੇ ਨਾ ਹੀ ਸ਼ੁਭਮ ਹਮਲਾਵਰ ਨੂੰ ਜਾਣਦੇ ਸਨ। ਇਹ ਨਸਲੀ ਹਮਲਾ ਜਾਪਦਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਮਦਦ ਦੀ ਬੇਨਤੀ ਕੀਤੀ ਹੈ।ਦੂਜੇ ਪਾਸੇ ਆਗਰਾ ਦੇ ਜ਼ਿਲ੍ਹਾ ਅਧਿਕਾਰੀ ਨਵਨੀਤ ਸਿੰਘ ਚਾਹਲ ਨੇ ਦੱਸਿਆ ਕਿ ਸ਼ੁਭਮ ਦੇ ਭਰਾ ਦੀ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਵਿਦੇਸ਼ ਮੰਤਰਾਲੇ ਤੇ ਸਿਡਨੀ ਵਿੱਚ ਦੂਤਘਰ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ। ਜਲਦ ਹੀ ਵੀਜ਼ਾ ਦਿਵਾਇਆ ਜਾਵੇਗਾ।

error: Content is protected !!