ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਨੂੰ ਰਫਾ-ਦਫਾ ਕਰਵਾਉਣ ਲਈ ਏਆਈਜੀ ਨੂੰ 50 ਲੱਖ ਦੀ ਰਿਸ਼ਵਤ ਦਿੰਦਾ ਸਾਬਕਾ ਕਾਂਗਰਸੀ ਮੰਤਰੀ ਆਇਆ ਅੜਿੱਕੇ ਤਾਂ ਲੱਗਾ ਉੱਚੀ-ਉੱਚੀ ਰੋਣ…

ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਨੂੰ ਰਫਾ-ਦਫਾ ਕਰਵਾਉਣ ਲਈ ਏਆਈਜੀ ਨੂੰ 50 ਲੱਖ ਦੀ ਰਿਸ਼ਵਤ ਦਿੰਦਾ ਸਾਬਕਾ ਕਾਂਗਰਸੀ ਮੰਤਰੀ ਆਇਆ ਅੜਿੱਕੇ ਤਾਂ ਲੱਗਾ ਉੱਚੀ-ਉੱਚੀ ਰੋਣ…

ਚੰਡੀਗੜ੍ਹ (ਵੀਓਪੀ ਬਿਊਰੋ) ਕਾਂਗਰਸ ਸਰਕਾਰ ਦੇ ਸਮੇਂ ਮੰਤਰੀ ਰਹੇ ਅਤੇ ਹੁਣ ਕਾਂਗਰਸ ਦੇ ਪੰਜਾਬ ਵਿੱਚੋਂ ਹੋ ਰਹੇ ਪਤਨ ਤੋਂ ਬਾਅਦ ਭਾਜਪਾ ਦਾ ਪੱਲਾ ਫੜ ਚੁੱਕੇ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਨੇ ਛਾਪਾ ਮਾਰ ਕੇ ਕਾਬੂ ਕਰ ਲਿਆ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਕਤ ਸਾਬਕਾ ਮੰਤਰੀ ਤੋਂ 21 ਸਤੰਬਰ ਅਤੇ 12 ਅਕਤੂਬਰ ਨੂੰ ਪੁੱਛਗਿੱਛ ਕੀਤੀ ਸੀ। ਇਸ ਮਾਮਲੇ ਵਿੱਚੋਂ ਹੀ ਬਾਹਰ ਕੱਢਣ ਦਾ ਕਹਿ ਉਕਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਏਆਈਜੀ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਵਿਜੀਲੈਂਸ ਨੇ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ ਹੈ। ਇਸ ਦੌਰਾਨ ਉਸ ਕੋਲੋਂ 50 ਲੱਖ ਰੁਪਏ ਦੀ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਮ ਆਉਣ ਤੋਂ ਬਾਅਦ ਜਦ ਸੁੰਦਰ ਸ਼ਾਮ ਅਰੋੜਾ ਨੂੰ ਹੋਇਆ ਕਿ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫਤਾਰੀ ਯਕੀਨੀ ਹੈ, ਅਰੋੜਾ ਨੇ ਆਪਣੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਜਾਂਚ ਅਧਿਕਾਰੀ ਮਨਮੋਹਨ ਸ਼ਰਮਾ ਨਾਲ ਸੰਪਰਕ ਕੀਤਾ। ਉਸ ਨੇ 14 ਅਕਤੂਬਰ ਨੂੰ ਏਆਈਜੀ ਸ਼ਰਮਾ ਨੂੰ ਨੇੜੇ ਫੋਨ ਕੀਤਾ ਤੇ ਕਿਹਾ ਕਿ ਉਹ ਉਸ ਨੰ ਮਿਲਣਾ ਚਾਹੁੰਦਾ ਹੈ ਅਤੇ ਉਸ ਨੂੰ  ਘਰ ਦਾ ਟਿਕਾਣਾ ਭੇਜੋ। ਇਸ ਤੋਂ ਬਾਅਦ ਉਸ ਨੇ ਉਕਤ ਕੇਸ ਨੂੰ ਰਫਾ-ਦਫਾ ਕਰਨ ਦੇ ਲਈ ਇੱਕ ਕਰੋੜ ਰੁਪਏ ਦਾ ਆਫਰ ਦਿੱਤਾ। ਇਸ ਦੌਰਾਨ ਏਆਈਜੀ ਨੇ ਕਿਹਾ ਕਿ ਜੇਕਰ ਤੁਸੀਂ ਸਾਫ਼ ਹੋ ਤਾਂ ਤੁਹਾਨੂੰ ਆਪਣੇ ਤੌਰ ‘ਤੇ ਛੱਡ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਅਗਲੇ ਦਿਨ ਅੱਧੀ ਰਕਮ ਦੇਣ ਦੀ ਗੱਲ ਕਹਿ ਸੁੰਦਰ ਸ਼ਾਮ ਅਰੋੜਾ 15 ਅਕਤੂਬਰ ਨੂੰ ਏਆਈਜੀ ਨੂੰ ਮਿਲਣ ਦੇ ਲਈ ਜ਼ੀਰਕਪੁਰ ਦੇ ਕੋਸਮੋ ਮਾਲ ਨੇੜੇ ਗਿਆ ਅਤੇ ਇਸ ਦੌਰਾਨ ਅਰੋੜਾ ਦੇ ਪੀਏ ਨੇ ਜਿਵੇਂ ਹੀ ਏਆਈਜੀ ਦੀ ਕਾਰ ਵਿੱਚ 50 ਲੱਖ ਦੀ ਨਕਦੀ ਨਾਲ ਭਰਿਆ ਬੈਗ ਰੱਖਿਆ ਤਾਂ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਅਰੋੜਾ ਨੂੰ ਐਤਵਾਰ ਦੁਪਹਿਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਅਤੇ 3 ਦਿਨ ਦੇ ਰਿਮਾਂਡ ‘ਤੇ ਲਿਆ। ਹੁਣ ਉਸ ਨੂੰ 19 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਅਰੋੜਾ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਰੋੜਾ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਹੈ।

ਇਸ ਤੋਂ ਬਾਅਦ ਅਰੋੜਾ ਦਾ ਮੈਡੀਕਲ ਐਤਵਾਰ ਦੁਪਹਿਰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਕੀਤਾ ਗਿਆ। ਇਸ ਤੋਂ ਬਾਅਦ ਅਦਾਲਤ ਵਿੱਚ ਲਿਜਾਇਆ ਗਿਆ। ਇਸ ਦੌਰਾਨ ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਦੇਖਿਆ ਤਾਂ ਉਹ ਭਾਵੁਕ ਹੋ ਗਏ। ਮੂੰਹੋਂ ਸ਼ਬਦ ਨਿਕਲਣ ਤੋਂ ਪਹਿਲਾਂ ਹੀ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਨੂੰ ਅਦਾਲਤ ਦੇ ਵਿਹੜੇ ਵਿਚ ਕੁਰਸੀ ‘ਤੇ ਬਿਠਾਇਆ ਗਿਆ। ਪਾਣੀ ਪਿਲਾਉਣ ਤੋਂ ਬਾਅਦ ਬੇਟੀ ਡਾ: ਸ਼ਿਵਾਨੀ ਨੇ ਆਪਣੇ ਹੰਝੂ ਪੂੰਝੇ। ਕਿਹਾ ਚਿੰਤਾ ਨਾ ਕਰੋ। ਕਾਨੂੰਨ ਇਨਸਾਫ਼ ਕਰੇਗਾ।

error: Content is protected !!