ਦਿੱਲੀ ਗੁਰਦੁਆਰਾ ਕਮੇਟੀ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ’ਚ ਕਰਵਾਇਆ ਅਰਦਾਸ ਸਮਾਗਮ

ਦਿੱਲੀ ਗੁਰਦੁਆਰਾ ਕਮੇਟੀ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ’ਚ ਕਰਵਾਇਆ ਅਰਦਾਸ ਸਮਾਗਮ

38 ਸਾਲ ਬੀਤਣ ’ਤੇ ਵੀ ਨਹੀਂ ਮਿਲਿਆ ਸਿੱਖ ਕੌਮ ਨੂੰ ਪੂਰਨ ਇਨਸਾਫ

ਨਵੀਂ ਦਿੱਲੀ, 1 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਗੁਰਦੁਆਰਾ ਬੰਗਲਾ ਸਾਹਿਬ ਵਿਚ ਅਰਦਾਸ ਸਮਾਗਮ ਕਰਵਾਇਆ ਗਿਆ ਜਿਥੇ ਇਸ ਨਸਲਕੁਸ਼ੀ ਵਿਚ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਾਮ ਵੇਲੇ ਸੱਚ ਦੀ ਕੰਧ ’ਤੇ ਮੋਮਬੱਤੀਆਂ ਜਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਹਨਾਂ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ 1984 ਤੋਂ ਹੁਣ ਤੱਕ 38 ਸਾਲਾਂ ਤੋਂ ਅਸੀਂ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਤੇ ਬੱਚਿਆਂ ਨੂੰ ਸ਼ਰਧਾਂਜਲੀ ਦਿੰਦੇ ਆ ਰਹੇ ਹਾਂ। ਉਹਨਾਂ ਦੱਸਿਆ ਕਿ ਹਰ ਸਾਲ ਗੁਰਦੁਆਰਾ ਬੰਗਲਾ ਸਾਹਿਬ ਵਿਚ ਸ੍ਰੀ ਆਖੰਡ ਪਾਠ ਸਾਹਿਬ ਰੱਖਿਆ ਜਾਂਦਾ ਹੈ ਤੇ ਭੋਗ ਪਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ 38 ਸਾਲਾਂ ਤੋਂ ਸਿੱਖ ਕੌਮ ਨੂੰ ਪੂਰਨ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਬੇਸ਼ੱਕ ਮੌਜੂਦਾ ਸਰਕਾਰ ਵੱਲੋਂ ਬਣਾਈ ਐਸ ਆਈ ਟੀ ਦੀ ਜਾਂਚ ਨਾਲ ਸੱਜਣ ਕੁਮਾਰ ਤੇ ਕੁਝ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਤਾਂ ਮਿਲੀਆਂ ਪਰ ਬਹੁਤ ਸਾਰੇ ਦੋਸ਼ੀ ਅੱਜ ਵੀ ਖੁਲ੍ਹੇਆਮ ਘੁੰਮ ਰਹੇ ਹਨ ਤੇ ਸਰਕਾਰ ਵੱਲੋਂ ਦਿੱਤੀ ਸੁਰੱਖਿਆ ਦਾ ਸੁੱਖ ਮਾਣ ਰਹੇ ਹਨ।
ਉਹਨਾਂ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਦੁਨੀਆਂ ਦਾ ਇਕਲੌਤਾ ਅਜਿਹਾ ਅਪਰਾਧ ਹੈ ਜਿਸ ਵਿਚ ਸਿੱਖ ਕੌਮ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਗਿਆ। ਇਹ ਨਹੀਂ ਵੇਖਿਆ ਗਿਆ ਕਿ ਕੌਣ ਗ੍ਰੰਥ ਸਿੰਘ ਹੈ ਜਾਂ ਫਿਰ ਕੌਣ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਾ ਹੈ। ਛੁੱਟੀ ਆ ਰਹੇ ਸਿੱਖ ਫੌਜੀਆਂ ਨੂੰ ਰਾਹ ਵਿਚ ਚੁਣ ਚੁਣ ਕੇ ਮਾਰਿਆ ਗਿਆ। ਉਹਨਾਂ ਕਿਹਾ ਕਿ ਇਸ ਤੋਂ ਵੱਡਾ ਘੱਲੂਘਾਰਾ ਨਹੀਂ ਹੋ ਸਕਦਾ। ਉਹਨਾਂ ਕਿਹਾਕਿ ਇਹ ਦੇਸ਼ ਦੀ ਮੰਦਭਾਗੀ ਕਿਸਮਤ ਹੈ ਕਿ ਦੇਸ਼ ਦੀ ਰਾਜਧਾਨੀ ਵਿਚ ਵਿਧਵਾ ਕਲੌਨੀ ਬਣੀ ਹੈ ਤੇ 38 ਸਾਲਾਂ ਮਗਰੋਂ ਵੀ ਇਹਨਾਂ ਵਿਧਾਵਾਂ ਨੂੰ ਇਹਨਾਂ ਦੇ ਮਕਾਨਾਂ ਦੇ ਮਾਲਕਾਨਾ ਹੱਕ ਨਹੀਂ ਦਿੱਤੇ ਗਏ।

ਉਹਨਾਂ ਕਿਹਾ ਕਿ ਬੇਸ਼ੱਕ ਦੇਸ਼ ਦੀ ਰਾਜਧਾਨੀ ਵਿਚ ਇਹ ਤ੍ਰਾਸਦੀ ਵਾਪਰੀ ਪਰ ਸਿੱਖ ਕੌਮ ਚੜ੍ਹਦੀਕਲਾ ਦੀ ਪ੍ਰਤੀਕਮ ਹੈ। ਉਹਨਾਂ ਕਿਹਾ ਕਿ ਜਦੋਂ ਦੇਸ਼ ਦੀ ਰਾਜਧਾਨੀ ਵਿਚ ਕੋਰੋਨਾ ਮਹਾਮਾਰੀ ਆਈ ਤਾਂ ਸਿੱਖ ਕੌਮ ਨੇ ਸੇਵਾ ਕਰਨ ਸਮੇਂ ਕੋਈ ਵਿਤਕਰਾ ਨਹੀਂ ਕੀਤਾ ਤੇ ਇਹ ਨਹੀਂ ਸੋਚਿਆ ਕਿ ਅਸੀਂ ਆਪਣੇ ਹੀ ਭਰਾਵਾਂ ਨੂੰ ਲੰਗਰ ਛਕਾਉਣਾ ਹੈ ਜਾਂ ਸਿਰਫ ਆਪਣੇ ਲੋਕਾਂ ਨੂੰ ਹੀ ਮੈਡੀਕਲ ਸਹੂਲਤ ਦੇਣਾ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ ਕਿ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਤੇ ਸਿੱਖ ਕੌਮ ਨੇ ਹਰ ਇਕ ਲੰਗਰ ਛਕਾਇਆ ਤੇ ਹਰ ਇਕ ਨੂੰ ਮੈਡੀਕਲ ਸਹੂਲਤਾਂ ਵੀ ਦਿੱਤੀਆਂ।

ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਜੋ ਯੋਗਦਾਨ ਸਿੱਖਾਂ ਨੇ ਪਾਇਆ ਪਰ ਅੱਜ ਵੀ ਉਸਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਸਿੱਖਾਂ ਦੀਆਂ 85 ਫੀਸਦੀ ਕੁਰਬਾਨੀਆਂ ਹਨ ਪਰ ਪੁਸਤਕਾਂ ਵਿਚ ਸਿੱਖਾਂ ਦੀ ਥਾਂ ਪੰਜਾਬੀਆਂ ਸ਼ਬਦ ਪਾ ਦਿੱਤਾ ਗਿਆ। ਅੱਗੇ ਤੋਂ ਪੰਜਾਬੀਆਂ ਦੀ ਥਾਂ ਦੇਸ਼ਵਾਸੀ ਲਿਖ ਦੇਣਗੇ ਤਾਂ ਜੋ ਸਿੱਖਾਂ ਦੀ ਕੁਰਬਾਨੀ ਨੂੰ ਦਰਕਿਨਾਰ ਕੀਤਾ ਜਾ ਸਕੇ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਅਸੀਂ ਕੌਮ ਦੀ ਲੜਾਈ ਲੜ ਰਹੇ ਹਾਂ ਤੇ ਇਨਸਾਫ ਮਿਲਣ ਤੱਕ ਲੜਦੇ ਰਹਾਂਗੇ। ਅਸੀਂ ਵਚਨਬੱਧ ਹਾਂ ਕਿ ਇਸ ਲੜਾਈ ਨੂੰ ਅਖੀਰ ਤੱਕ ਲੈ ਕੇ ਜਾਵਾਂਗੇ ਜਦੋਂ ਤੱਕ ਸਵਾਸਾਂ ਦੇ ਵਿਚ ਸਵਾਸ ਹੈ।
ਉਹਨਾਂ ਸੰਗਤ ਨੂੰ ਇਹ ਵੀ ਅਪੀਲ ਕੀਤੀ ਕਿ 7 ਨਵੰਬਰ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਗੁਰਦੁਆਰਾ ਨਾਨਕ ਪਿਆਊ ਤੱਕ ਕੱਢੇ ਜਾ ਰਹੇ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇ ਤਾ ਜੋ ਸਰਕਾਰਾਂ ਨੂੰ ਸੰਦੇਸ਼ ਦੱਸੀਏ ਕਿ ਕੌਮ ਹਮੇਸ਼ਾ ਚੜ੍ਹਦੀਕਲਾ ਵਿਚ ਰਹਿੰਦੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਕਮੇਟੀ ਮੈਂਬਰ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

error: Content is protected !!