ਗੁਜਰਾਤ ਦੀਆਂ ਚੋਣਾਂ ਵਿੱਚ ਪੰਜਾਬ ਦੀ ਸ਼ਰਾਬ! ਕਾਂਗਰਸੀ ਵਿਧਾਇਕ ਨੇ ਕਿਹਾ ਆਮ ਆਦਮੀ ਪਾਰਟੀ ਯੂਪੀ-ਬਿਹਾਰ ਤਕ ਵੀ ਪਹੁੰਚਾ ਰਹੀ ਪੰਜਾਬ ਦੀ ਸ਼ਰਾਬ…

ਗੁਜਰਾਤ ਦੀਆਂ ਚੋਣਾਂ ਵਿੱਚ ਪੰਜਾਬ ਦੀ ਸ਼ਰਾਬ! ਕਾਂਗਰਸੀ ਵਿਧਾਇਕ ਨੇ ਕਿਹਾ ਆਮ ਆਦਮੀ ਪਾਰਟੀ ਯੂਪੀ-ਬਿਹਾਰ ਤਕ ਵੀ ਪਹੁੰਚਾ ਰਹੀ ਪੰਜਾਬ ਦੀ ਸ਼ਰਾਬ…

ਜਲੰਧਰ (ਵੀਓਪੀ ਬਿਊਰੋ) ਇਸ ਸਮੇਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵੱਲ ਹੀ ਸਾਰੇ ਦੇਸ਼ ਦਾ ਧਿਆਨ ਹੈ, ਜਿੱਥੇ ਇਕ ਪਾਸੇ ਭਾਜਪਾ ਆਪਣੇ ਗੜ੍ਹ ਨੂੰ ਬਚਾਉਣ ਲਈ ਦਿਨ-ਰਾਤ ਇਕ ਕਰ ਰਹੀ ਹੈ, ਉੱਥੇ ਹੀ ਕਾਂਗਰਸ ਵੀ ਆਪਣਾ ਆਤਮ-ਸਨਮਾਨ ਬਚਾਉਣ ਦੇ ਲਈ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਗੁਜਰਾਤ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਪੰਜਾਬ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਗੁਜਰਾਤ ਚੋਣਾਂ ਵਿੱਚ ਵੀ ਜਿੱਤ ਹਾਸਲ ਕਰਨ ਲਈ ਉਤਾਵਲੀ ਹੈ। ਇਸ ਸਾਰੇ ਵਿੱਚ ਜਿੱਤ ਦਾ ਸਿਹਰਾ ਕਿਸ ਦੇ ਸਿਰ ਬੰਨ੍ਹਦਾ ਹੈ ਇਹ ਤਾਂ ਗੁਜਰਾਤ ਦੀ ਜਨਤਾ ਤੈਅ ਕਰੇਗੀ ਅਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਵਾਰ ਗੁਜਰਾਤ ਦੀ ਜਨਤਾ ਕਿਸੇ ਪਾਰਟੀ ਨੂੰ ਜਿੱਤਾ ਕੇ ਆਪਣੇ ਸੂਬੇ ਦੀ ਕਮਾਨ ਸੰਭਾਲਦੀ ਹੈ।


ਇਸ ਦੇ ਨਾਲ ਹੀ ਗੁਜਰਾਤ ਚੋਣਾਂ ਸਬੰਧੀ ਇਕ ਹੋਰ ਗੱਲ ਜੋ ਸਾਹਮਣੇ ਆਈ ਹੈ ਕਿ ਪੰਜਾਬ ਦੀ ਸ਼ਰਾਬ ਦਾ ਗੁਜਰਾਤ ਵਿੱਚ ਇਸ ਸਮੇਂ ਪੂਰਾ ਬੋਲ-ਬਾਲਾ ਹੈ। ਇਸ ਸਬੰਧੀ ਪੰਜਾਬ ਕਾਂਗਰਸ ਨੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਮੇਂ ਗੁਜਰਾਤ ਤੇ ਹੋਰਨਾਂ ਸੂਬਿਆਂ ‘ਚ ਸ਼ਰਾਬ ਦੀ ਤਸਕਰੀ ਨੂੰ ਰੋਕਣ ‘ਚ ਪੂਰੀ ਤਰਹਾਂ ਦੇ ਨਾਲ ਨਾਕਾਮ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਪ੍ਰਤਾਪ ਬਾਜਵਾ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੁਜਰਾਤ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੰਜਾਬ ‘ਚ ਬਣੀ ਸ਼ਰਾਬ ਦੀ ਤਸਕਰੀ ਕਰ ਰਹੀ ਹੈ। ਇਨਾਂ ਹੀ ਨਹੀਂ ਉਹਨਾਂ ਨੇ ਅੱਗੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਬਿਹਾਰ ਤੇ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਸ਼ਰਾਬ ਦੀ ਤਸਕਰੀ ਦਾ ਸਿਲਸਿਲਾ ਜ਼ੋਰਾਂ ’ਤੇ ਹੈ। ਬਾਜਵਾ ਨੇ ਚੋਣ ਕਮਿਸ਼ਨ ਨੂੰ ਵੀ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਗੁਜਰਾਤ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।


ਕਾਂਗਰਸੀ ਵਿਧਾਇਕ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਗੱਲ ਦਾ ਪਰਦਾਫਾਸ਼ ਕੀਤਾ ਸੀ ਕਿ ਸੂਬੇ ਦੇ ਠੇਕਿਆਂ ‘ਤੇ ਵਿਕਣ ਵਾਲੀ ਸ਼ਰਾਬ ਦੀ ਗੁਜਰਾਤ ਤੋਂ ਇਲਾਵਾ ਹਰਿਆਣਾ, ਬਿਹਾਰ ਅਤੇ ਯੂਪੀ ਵਿੱਚ ਤਸਕਰੀ ਕੀਤੀ ਜਾ ਰਹੀ ਹੈ। ਕਾਂਗਰਸੀ ਵਿਧਾਇਕ ਪ੍ਰਤਾਪ ਬਾਜਵਾ ਨੇ ਅੱਗੇ ਕਿਹਾ ਕਿ ਪਟਿਆਲਾ ਤੋਂ ਆਈ ਪੁਲਿਸ ਟੀਮ ਨੇ ਇਕ ਟਰੱਕ ‘ਚੋਂ 600 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਾਜ਼ੀਆਬਾਦ ਦੀ ਖੋਦਾ ਪੁਲਿਸ ਨੇ 54 ਲੱਖ ਰੁਪਏ ਦੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੰਜਾਬ ਤੋਂ ਉੱਤਰ ਪ੍ਰਦੇਸ਼ ਨੂੰ ਸ਼ਰਾਬ ਸਪਲਾਈ ਕੀਤੀ ਜਾ ਰਹੀ ਸੀ। ਕਰੀਬ ਦੋ ਮਹੀਨੇ ਪਹਿਲਾਂ ਹਰਿਆਣਾ ਦੀ ਜੀਂਦ ਪੁਲਿਸ ਦੇ ਸੀਆਈਏ ਵਿੰਗ ਨੇ ਪੰਜਾਬ ਤੋਂ ਗੁਜਰਾਤ ਨੂੰ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਸਪਲਾਈ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।

error: Content is protected !!