ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਕੋਲੋਂ ਪੁੱਛਗਿੱਛ ਦੌਰਾਨ ਲਾਰੈਂਸ ਬਿਸ਼ਨੋਈ ਦੀ ‘ਕਾਲੀ ਸੱਚਾਈ’ ਆਈ ਸਾਹਮਣੇ, ਐੱਨਆਈਏ ਨੇ ਇਨ੍ਹਾਂ 15 ਪੰਜਾਬੀ ਕਲਾਕਾਰਾਂ ਨੂੰ ਭੇਜੇ ਨੋਟਿਸ…

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਕੋਲੋਂ ਪੁੱਛਗਿੱਛ ਦੌਰਾਨ ਲਾਰੈਂਸ ਬਿਸ਼ਨੋਈ ਦੀ ‘ਕਾਲੀ ਸੱਚਾਈ’ ਆਈ ਸਾਹਮਣੇ, ਐੱਨਆਈਏ ਨੇ ਇਨ੍ਹਾਂ 15 ਪੰਜਾਬੀ ਕਲਾਕਾਰਾਂ ਨੂੰ ਭੇਜੇ ਨੋਟਿਸ…

ਦਿੱਲੀ (ਵੀਓਪੀ ਬਿਊਰੋ) ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਅਜੇ ਵੀ ਅੱਗੇ ਤੋਂ ਅੱਗੇ ਕੜੀਆਂ ਜੁੜਦੀਆਂ ਹੀ ਜਾ ਰਹੀਆਂ ਹਨ ਅਤੇ ਇਸ ਮਾਮਲੇ ਦੇ ਪਿੱਛੇ ਅਸਲੀ ਮਕਸਦ ਕੀ ਸੀ ਇਸ ਬਾਰੇ ਅਜੇ ਵੀ ਭੇਦ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਐੱਨਆਈਏ ਨੇ ਸਿੱਧੂ ਮੂਸੇਵਾਲਾ ਦੀ ਸਹਾਇਕ ਗਾਇਕਾਂ ਤੇ ਬਾਲੀਵੁੱਡ ਸਿੰਗਰ ਅਫਸਾਨਾ ਖਾਨ ਕੋਲੋਂ ਵੀ ਪੁੱਛਗਿੱਛ ਕੀਤੀ ਸੀ ਅਤੇ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ 25 ਨਵੰਬਰ ਤਕ ਉਨ੍ਹਾਂ ਨੂੰ ਬੇਟੇ ਦੀ ਮੌਤ ਦਾ ਇਨਸਾਫ ਨਾ ਮਿਲਿਆ ਤਾਂ ਉਹ ਐੱਫਆਈਆਰ ਵਾਪਸ ਲੈ ਕੇ ਦੇਸ਼ ਛੱਡ ਦੇਣਗੇ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਭਰੋਸਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਉੱਠ ਗਿਆ ਹੈ। ਇਸ ਤੋਂ ਬਾਅਦ ਤੋਂ ਹੀ ਐੱਨਆਈਏ ਦੇ ਸੀਨੀਅਰ ਅਧਿਕਾਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਲਕੌਰ ਸਿੰਘ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ।


ਇਸੇ ਮਾਮਲੇ ਵਿੱਚ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਸਿੰਗਰ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਪੁਰਾਣੀਆਂ ਫੋਟੋਆਂ ਵਿੱਚ ਨਜ਼ਰ ਆ ਚੁੱਕੇ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਕੋਲੋਂ ਵੀ ਐੱਨਆਈਏ ਨੇ ਕਰੀਬ 5 ਘੰਟੇ ਪੁੱਛਗਿੱਛ ਕੀਤੀ ਹੈ। ਇਸ ਦੌਰਾਨ ਉਸ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਾਂ ਬਾਰੇ ਵੀ ਸਵਾਲ ਪੁੱਛੇ ਗਏ। ਇਨ੍ਹਾਂ ਗਾਇਕਾਂ ਦਾ ਨਾਂ ਲਾਰੈਂਸ ਨਾਲ ਜੋੜਿਆ ਗਿਆ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਦੇ ਵਿਰੋਧੀ ਬੰਬੀਹਾ ਗੈਂਗ ਨੇ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਉਹਨਾਂ ਕੋਲੋਂ ਐੱਨਆਈਏ ਨੇ ਇਹ ਪੁੱਛਗਿੱਛ ਦਿੱਲੀ ਹੈੱਡਕੁਆਰਟਰ ਵਿੱਚ ਕੀਤੀ ਹੈ। ਦੂਜੇ ਪਾਸੇ ਸੂਤਰਾਂ ਮੁਤਾਬਕ ਤਾਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ NIA ਨੇ 15 ਪੰਜਾਬੀ ਗਾਇਕਾਂ ਨੂੰ ਪੁੱਛਗਿੱਛ ਦੇ ਨੋਟਿਸ ਦਿੱਤੇ ਹਨ।


ਦਰਅਸਲ ਮਨਕੀਰਤ ਔਲਖ ਦੇ ਦੋਸਤ ਅਤੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਪਿਛਲੇ ਸਾਲ ਅਗਸਤ ਵਿੱਚ ਮੁਹਾਲੀ ਦੇ ਸੈਕਟਰ-71 ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਕਾਲਜ ਦੇ ਦਿਨਾਂ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦੋਸਤ ਸੀ। ਉਸ ਦੇ ਕਤਲ ਤੋਂ ਬਾਅਦ ਹੀ ਲਾਰੇਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ‘ਤੇ ਧਮਕੀ ਦਿੱਤੀ ਸੀ ਕਿ ਉਹ ਇਸ ਕਤਲ ਦਾ ਬਦਲਾ ਜ਼ਰੂਰ ਲੈਣਗੇ। ਕਤਲ ਦੀ ਜਾਂਚ ਵਿੱਚ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਉਸ ‘ਤੇ ਵਿੱਕੀ ਦੇ ਕਾਤਲਾਂ ਨੂੰ ਪਨਾਹ ਦੇਣ ਦਾ ਦੋਸ਼ ਸੀ। ਮੂਸੇਵਾਲਾ ਦਾ ਕੁਝ ਦਿਨਾਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ NIA ਨੇ ਪੁੱਛਗਿੱਛ ਨਾਲ ਜੁੜੀ ਕਿਸੇ ਗੱਲ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ। ਇਸ ਸਬੰਧੀ ਮਨਕੀਰਤ ਔਲਖ ਦੇ ਭਾਰਤੀ ਨੰਬਰ ‘ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਨੰਬਰ ਬੰਦ ਆ ਰਿਹਾ ਹੈ।

error: Content is protected !!