ਬਲਾਤਕਾਰ ਦੀ ਪੀੜਤਾ ਤੋਂ ਹੀ ਮਹਿਲਾ ਏਐੱਸਆਈ ਲੈਂਦੀ ਰਹੀ ਪੈਸੇ, ਪੀੜਤਾ ਕਹਿੰਦੀ ਨਹੀਂ ਹੋ ਰਹੀ ਕੋਈ ਕਾਰਵਾਈ ਉਲਟਾ ਮੈਨੂੰ ਹੀ ਹੋਰ ਲੁੱਟਿਆ ਜਾ ਰਿਹੈ

ਬਲਾਤਕਾਰ ਦੀ ਪੀੜਤਾ ਤੋਂ ਹੀ ਮਹਿਲਾ ਏਐੱਸਆਈ ਲੈਂਦੀ ਰਹੀ ਪੈਸੇ, ਪੀੜਤਾ ਕਹਿੰਦੀ ਨਹੀਂ ਹੋ ਰਹੀ ਕੋਈ ਕਾਰਵਾਈ ਉਲਟਾ ਮੈਨੂੰ ਹੀ ਹੋਰ ਲੁੱਟਿਆ ਜਾ ਰਿਹੈ

ਚੰਡੀਗੜ੍ਹ (ਵੀਓਪੀ ਬਿਊਰੋ) ਭ੍ਰਿਸ਼ਟਾਚਾਰ ਤਾਂ ਇਸ ਕਦਰ ਵੱਧ ਗਿਆ ਹੈ ਕਿ ਭ੍ਰਿਸ਼ਟਾਚਾਰੀ ਇਹ ਵੀ ਨਹੀਂ ਦੇਖਦੇ ਕਿ ਕੌਣ ਪੀੜਤ ਹੈ ਅਤੇ ਆਪਣੀ ਜੇਬ ਗਰਮ ਕਰਨ ਦੇ ਲਈ ਕਿਸੇ ਨੂੰ ਵੀ ਲੁੱਟੀ ਜਾ ਰਹੇ ਹਨ। ਡੇਰਾਬੱਸੀ ਥਾਣੇ ਅਧੀਨ ਆਉਂਦੇ ਇਕ ਇਲਾਕੇ ਦੇ ਵਿੱਚ ਇਕ ਔਰਤ ਦੇ ਨਾਲ ਬਲਾਤਕਾਰ ਵਰਗੀਆਂ ਘਨੋਣੀ ਹਰਕਤ ਹੋਣ ਤੋਂ ਬਾਅਦ ਉਕਤ ਔਰਤ ਨੂੰ ਇਨਸਾਫ ਤਾਂ ਦਿਵਾਉਣਾ ਉਲਟਾ ਪੁਲਿਸ ਉਸ ਦੇ ਕੋਲੋਂ ਹੀ ਪੈਸੇ ਲੁੱਟੀ ਜਾ ਰਹੀ ਹੈ, ਪੁਲਿਸ ਵਾਲੀ ਏਐੱਸਆਈ ਵੀ ਇਕ ਔਰਤ ਹੀ ਹੈ, ਜਿਸ ਦਾ ਨਾਮ ਹੈ ਪ੍ਰਵੀਨ ਕੌਰ। ਉਕਤ ਏਐੱਸਆਈ ਪ੍ਰਵੀਨ ਕੌਰ ਨੇ ਉਕਤ ਪੀੜਤ ਔਰਤ ਕੋਲੋਂ ਕਰੀਬ 30 ਹਜਾਰ ਰੁਪਏ ਲੈ ਲਏ ਸਨ ਅਤੇ ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਇਹ ਮੁਲਜ਼ਮ ਸਾਰਿਆਂ ਦੇ ਸਾਹਮਣੇ ਆਈ। ਏਐੱਸਪੀ ਡੇਰਾਬੱਸੀ ਡਾ. ਦਰਪਨ ਆਹਲੂਵਾਲੀਆ ਨੇ ਹੁਣ ਜਾ ਕੇ ਮੁਲਜ਼ਮ ਏਐੱਸਆਈ ਪ੍ਰਵੀਨ ਕੌਰ ਖਿਲਾਫ ਕਾਰਵਾਈ ਦੇ ਨਿਰਦੇਸ਼ ਦੇ ਦਿੱਤੇ ਹਨ।


ਉਕਤ ਮਾਮਲੇ ਸਬੰਧੀ ਪੀੜਤ ਔਰਤ ਦਾ ਦੋਸ਼ ਹੈ ਕਿ ਅਪ੍ਰੈਲ 2022 ‘ਚ ਇਕ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਡੇਰਾਬੱਸੀ ਪੁਲਿਸ ਨੇ ਕੇਸ ਦਰਜ ਕਰਨ ਦੇ ਕਈ ਮਹੀਨੇ ਬਾਅਦ ਵੀ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪੀੜਤਾ ਮਾਮਲੇ ਦੀ ਕਾਰਵਾਈ ਨੂੰ ਲੈ ਕੇ ਡੇਰਾਬੱਸੀ ਥਾਣੇ ਦੇ ਗੇੜੇ ਮਾਰਦੀ ਰਹੀ ਪਰ ਸੁਣਵਾਈ ਨਹੀਂ ਹੋਈ। ਇਸ ਦੌਰਾਨ ਮਹਿਲਾ ਏਐੱਸਆਈ ਪ੍ਰਵੀਨ ਕੌਰ ਘਟਨਾ ਵਾਲੀ ਥਾਂ ਦਾ ਨਕਸ਼ਾ ਬਣਾਉਣ ਲਈ ਉਨ੍ਹਾਂ ਦੇ ਘਰ ਆਈ ਹੋਈ ਸੀ। ਇਸ ਦੌਰਾਨ ਉਸ ਕੋਲੋਂ 20 ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ ਉਸ ਨੇ 10 ਹਜ਼ਾਰ ਰੁਪਏ ਹੋਰ ਲੈ ਲਏ। ਜਦੋਂ ਉਹ ਡੀਆਈਜੀ ਕੋਲ ਕੇਸ ਸਬੰਧੀ ਰਿਪੋਰਟ ਦਰਜ ਕਰਵਾਉਣ ਗਈ ਤਾਂ ਪ੍ਰਵੀਨ ਕੌਰ ਨੇ ਉਸ ਦੀ ਕਾਰ ਮੰਗੀ ਤੇ ਲੈ ਗਈ।


ਪੀੜਤਾ ਅਨੁਸਾਰ ਜਦੋਂ ਮਹਿਲਾ ਏਐਸਆਈ ਉਸ ਦੇ ਘਰ ਆਈ ਤਾਂ ਉਸ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਚਾਲੂ ਸਨ ਅਤੇ ਉਸ ਤੋਂ ਪੈਸੇ ਲੈ ਕੇ ਆਪਣੀ ਜੇਬ ਵਿੱਚ ਰੱਖ ਰਹੇ ਸਨ। ਇਸ ਵਿੱਚ ਸਾਰੀ ਵਾਰਦਾਤ ਕੈਦ ਹੋ ਗਈ। ਇਸ ਤੋਂ ਪਹਿਲਾਂ ਉਨ੍ਹਾਂ ਡੇਰਾਬੱਸੀ ਪੁਲੀਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ। ਪੀੜਤ ਨੇ ਡੇਰਾਬੱਸੀ ਥਾਣੇ ’ਤੇ ਵੀ ਗੰਭੀਰ ਦੋਸ਼ ਲਾਏ ਹਨ। ਏਐੱਸਪੀ ਡੇਰਾਬੱਸੀ ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਵਾਇਰਲ ਹੋਈ ਵੀਡੀਓ ਵਿੱਚ ਏਐੱਸਆਈ ਪ੍ਰਵੀਨ ਕੌਰ ਵਰਦੀ ਵਿੱਚ ਇੱਕ ਔਰਤ ਦੇ ਘਰ ਬੈਠੀ ਹੈ ਅਤੇ ਉਸ ਤੋਂ ਪੈਸੇ ਲੈ ਰਹੀ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਪੁਲਸ ਕਰਮਚਾਰੀ ਕਿਸੇ ਕੰਮ ਦੇ ਬਦਲੇ ਔਰਤ ਤੋਂ ਪੈਸੇ ਲੈ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਪ੍ਰਵੀਨ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

error: Content is protected !!