ਨਸ਼ੇ ਲਈ ਮੰਗ ਰਿਹਾ ਸੀ ਪੈਸੇ, ਨਹੀਂ ਦਿੱਤੇ ਤਾਂ ਕਰ ਦਿੱਤਾ ਪੂਰੇ ਪਰਿਵਾਰ ਦਾ ਕਤਲ, ਲਾਸ਼ਾਂ ਦੇਖ ਕੇ ਗੁਆਂਢੀ ਮਾਰਨ ਲੱਗੇ ਚੀਕਾਂ

ਨਸ਼ੇ ਲਈ ਮੰਗ ਰਿਹਾ ਸੀ ਪੈਸੇ, ਨਹੀਂ ਦਿੱਤੇ ਤਾਂ ਕਰ ਦਿੱਤਾ ਮਾਂ-ਪਿਓ, ਦਾਦੀ ਤੇ ਭੈਣ ਦਾ ਕਤਲ

ਦਿੱਲੀ (ਵੀਓਪੀ ਬਿਊਰੋ) ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇਕ ਵਿਅਕਤੀ ਨੇ ਨਸ਼ੇ ਦੇ ਪੈਸੇ ਨਾ ਮਿਲਣ ਉੱਪਰ ਆਪਣੇ ਹੀ ਘਰ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਕਤ ਘਟਨ ਦਿੱਲੀ ਦੇ ਪਾਲਮ ਇਲਾਕੇ ਵਿੱਚ ਵਾਪਰੀ ਹੈ। ਘਟਨਾ ਮੰਗਲਵਾਰ ਰਾਤ 10.30 ਵਜੇ ਵਾਪਰੀ। ਮ੍ਰਿਤਕਾਂ ਦੀ ਪਛਾਣ ਪਿਤਾ ਦਿਨੇਸ਼, ਮਾਂ ਦਰਸ਼ਨਾ, ਭੈਣ ਉਰਵਸ਼ੀ ਅਤੇ ਦਾਦੀ ਦੀਵਾਨਾ ਦੇਵੀ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪਾਲਮ ਥਾਣੇ ਵਿੱਚ ਆਈਪੀਸੀ ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


ਜਾਣਕਾਰੀ ਮੁਤਾਬਕ ਮੁਲਜ਼ਮ ਦਾ ਨਾਂ ਕੇਸ਼ਵ ਹੈ ਅਤੇ ਉਹ ਨਸ਼ੇ ਦਾ ਆਦੀ ਹੈ। ਪਰਿਵਾਰ ਵਾਲਿਆਂ ਨੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਭੇਜ ਦਿੱਤਾ। ਉਥੋਂ ਪਰਤਣ ਤੋਂ ਬਾਅਦ ਵੀ ਉਸ ਦਾ ਨਸ਼ਾ ਨਹੀਂ ਛੱਡਿਆ। ਉਹ ਪਰਿਵਾਰ ਤੋਂ ਨਸ਼ੇ ਲਈ ਪੈਸੇ ਮੰਗਦਾ ਸੀ। ਇਸ ਦੌਰਾਨ ਹੀ ਨਸ਼ੇ ਦੀ ਪੂਰਤੀ ਦੇ ਲਈ ਮੰਗਲਵਾਰ ਨੂੰ ਵੀ ਉਸ ਨੇ ਨਸ਼ੇ ਲਈ ਪੈਸੇ ਮੰਗੇ ਸਨ। ਜਦੋਂ ਪਰਿਵਾਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦਾ ਫੈਸਲਾ ਕੀਤਾ। ਘਰ ਦੇ ਚਾਰੇ ਮੈਂਬਰਾਂ ਨੂੰ ਵੱਖ-ਵੱਖ ਕਮਰਿਆਂ ਵਿੱਚ ਲਿਜਾ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਮੁਲਜ਼ਮ ਫਰਾਰ ਸੀ ਪਰ ਉਸ ਦੇ ਚਚੇਰੇ ਭਰਾ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।


ਕੇਸ਼ਵ ਨੂੰ ਫੜਨ ਵਾਲੇ ਉਸ ਦੇ ਚਚੇਰੇ ਭਰਾ ਨੇ ਦੱਸਿਆ ਕਿ ਕੇਸ਼ਵ ਦੇ ਘਰ ਦੀ ਉਪਰਲੀ ਮੰਜ਼ਿਲ ‘ਤੇ ਝਗੜਾ ਚੱਲ ਰਿਹਾ ਸੀ। ਕੁਝ ਦੇਰ ਬਾਅਦ ਭੈਣ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਬਚਣ ਲਈ ਤਰਲੇ ਕਰ ਰਹੀ ਸੀ। ਜਦੋਂ ਉਹ ਕੁਝ ਲੋਕਾਂ ਨਾਲ ਪਹੁੰਚਿਆ ਤਾਂ ਮੁਲਜ਼ਮ ਦੇ ਘਰ ਦਾ ਦਰਵਾਜ਼ਾ ਬੰਦ ਸੀ। ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਮੁਲਜ਼ਮ ਨੇ ਕਿਹਾ ਕਿ ਇਹ ਸਾਡਾ ਪਰਿਵਾਰਕ ਮਾਮਲਾ ਹੈ। ਜਦ ਲੋਕਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਫਰਸ਼ ਖੂਨ ਨਾਲ ਲੱਥਪੱਥ ਸੀ। ਚਾਰੇ ਪਾਸੇ ਲਾਸ਼ਾਂ ਪਈਆਂ ਸਨ। ਇਹ ਲਾਸ਼ਾਂ ਦੋਸ਼ੀ ਦੇ ਮਾਤਾ-ਪਿਤਾ, ਭੈਣ ਅਤੇ ਦਾਦੀ ਦੀਆਂ ਸਨ।

error: Content is protected !!