ਪੁਲਿਸ ਥਾਣੇ ਨੇੜਿਓ ਲੁਟੇਰੇ 15 ਮਿੰਟ ਵਿੱਚ ਹੀ ਬੈਂਕ ‘ਚੋਂ ਲੁੱਟ ਕੇ ਲੈ ਗਏ 18 ਲੱਖ ਰੁਪਏ

ਪੁਲਿਸ ਥਾਣੇ ਨੇੜਿਓ ਲੁਟੇਰੇ 15 ਮਿੰਟ ਵਿੱਚ ਹੀ ਬੈਂਕ ‘ਚੋਂ ਲੁੱਟ ਕੇ ਲੈ ਗਏ 18 ਲੱਖ ਰੁਪਏ

ਪਟਿਆਲਾ (ਵੀਓਪੀ ਬਿਊਰੋ) ਸੋਮਵਾਰ ਨੂੰ ਰਾਜਪੁਰਾ ਦੇ ਥਾਣਾ ਘਨੌਰ ਤੋਂ 300 ਮੀਟਰ ਦੀ ਦੂਰੀ ‘ਤੇ ਸਥਿਤ ਯੂਕੋ ਬੈਂਕ ਦੀ ਸ਼ਾਖਾ ‘ਚੋਂ ਤਿੰਨ ਬਦਮਾਸ਼ਾਂ ਨੇ ਅਧਿਕਾਰੀਆਂ ਅਤੇ ਗਾਹਕਾਂ ਨੂੰ ਬੰਧਕ ਬਣਾ ਕੇ 18 ਲੱਖ ਰੁਪਏ ਲੁੱਟ ਲਏ। ਬੈਂਕ ਤੋਂ ਫਰਾਰ ਹੋਣ ਦੌਰਾਨ ਲੁਟੇਰੇ ਇੱਕ ਗਾਹਕ ਦਾ ਬਾਈਕ ਵੀ ਖੋਹ ਕੇ ਲੈ ਗਏ। ਬਾਅਦ ਵਿੱਚ ਪੁਲਿਸ ਨੇ ਇੱਕ ਕਿਲੋਮੀਟਰ ਦੂਰ ਬਾਈਕ ਬਰਾਮਦ ਕਰ ਲਈ। ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਸ਼ਾਮ 4 ਵਜੇ ਤਿੰਨ ਨਕਾਬਪੋਸ਼ ਵਿਅਕਤੀ ਘਨੌਰ-ਪਟਿਆਲਾ ਰੋਡ ’ਤੇ ਸਥਿਤ ਬੈਂਕ ਵਿੱਚ ਦਾਖ਼ਲ ਹੋਏ ਅਤੇ ਬੈਂਕ ਸਟਾਫ਼ ਅਤੇ ਗਾਹਕਾਂ ’ਤੇ ਪਿਸਤੌਲ ਤਾਣ ਦਿੱਤੇ ਅਤੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।


ਪਹਿਲਾਂ ਬਦਮਾਸ਼ਾਂ ਨੇ ਸਾਰਿਆਂ ਦੇ ਮੋਬਾਈਲ ਫੋਨ ਅਤੇ ਵਾਹਨ ਦੀਆਂ ਚਾਬੀਆਂ ਖੋਹ ਲਈਆਂ। ਮੁਲਜ਼ਮਾਂ ਨੇ 15 ਮਿੰਟਾਂ ਵਿੱਚ ਬੈਂਕ ਕੈਸ਼ੀਅਰ ਤੋਂ 15.65 ਲੱਖ ਰੁਪਏ ਅਤੇ ਇੱਕ ਗਾਹਕ ਤੋਂ ਕਰੀਬ 2.20 ਲੱਖ ਰੁਪਏ ਲੁੱਟ ਲਏ। ਐਸਐਸਪੀ ਵਰੁਣ ਸ਼ਰਮਾ, ਐਸਪੀ ਡੀ ਹਰਬੀਰ ਅਟਵਾਲ ਅਤੇ ਥਾਣਾ ਘਨੌਰ ਦੇ ਇੰਚਾਰਜ ਸਾਹਿਬ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸ਼ੰਭੂ ਬੈਰੀਅਰ ਅਤੇ ਘਨੌਰ ਦੇ ਸਾਰੇ ਚੌਰਾਹਿਆਂ ’ਤੇ ਨਾਕਾਬੰਦੀ ਵੀ ਕੀਤੀ ਪਰ ਮੁਲਜ਼ਮਾਂ ਦਾ ਪਤਾ ਨਹੀਂ ਲੱਗ ਸਕਿਆ।


ਘਨੌਰ ਵਸਨੀਕ ਦਿਨੇਸ਼ ਕੁਮਾਰ ਨੇ ਦੱਸਿਆ ਕਿ ਬੈਂਕ ਅੰਦਰ ਚੈੱਕ ਜਮਾਂ ਕਰਵਾਉਣ ਆਇਆ ਸੀ। ਉਹ ਕੁਝ ਸਮੇਂ ਲਈ ਮਨੇਜਰ ਕੋਲ ਬੈਠੇ ਸਨ, ਇਸੇ ਦੌਰਾਨ ਹੀ ਤਿੰਨ ਵਿਅਕਤੀ ਬੈਂਕ ਵਿਚ ਦਾਖਲ ਹੋਏ ਤੇ ਪਿਸਤੌਲ ਦਿਖਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਗੋਲੀ ਚੱਲਣ ਦੇ ਡਰੋਂ ਸਾਰੇ ਸੁੰਨ ਹੋ ਕੇ ਖੜੇ ਰਹੇ ਤੇ ਉਨਾਂ ਨੂੰ ਵੀ ਕੈਬਿਨ ਵਿਚ ਬੰਦ ਕਰ ਦਿੱਤਾ। ਲੁਟੇਰੇ ਵਾਰਦਾਤ ਤੋਂ ਬਾਅਦ ਉਨਾ ਦਾ ਬੁਲਟ ਮੋਟਰਸਾਇਕਲ ਵੀ ਲੈ ਗਏ।

error: Content is protected !!