ਐਸ.ਜੀ.ਪੀ.ਸੀ. ਪੰਜਾਬ ਤੇ ਸਿੱਖ ਕੌਮ ਨਾਲ ਸੰਬੰਧਤ ਲੰਮੇ ਸਮੇ ਤੋ ਲਟਕਦੇ ਆ ਰਹੇ ਗੰਭੀਰ ਮਸਲਿਆ ਬਾਰੇ ਚੁੱਪ ਕਿਉਂ : ਮਾਨ

ਐਸ.ਜੀ.ਪੀ.ਸੀ. ਪੰਜਾਬ ਤੇ ਸਿੱਖ ਕੌਮ ਨਾਲ ਸੰਬੰਧਤ ਲੰਮੇ ਸਮੇ ਤੋ ਲਟਕਦੇ ਆ ਰਹੇ ਗੰਭੀਰ ਮਸਲਿਆ ਬਾਰੇ ਚੁੱਪ ਕਿਉਂ : ਮਾਨ

ਬੰਦੀ ਸਿੰਘਾਂ ਦੀ ਰਿਹਾਈ ਲਈ ‘ਦਸਤਖ਼ਤੀ ਮੁਹਿੰਮ’ ਚੰਗਾ ਉਪਰਾਲਾ

ਫ਼ਤਹਿਗੜ੍ਹ ਸਾਹਿਬ, 04 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਐਡਵੋਕੇਟ ਅਤੇ ਸਮੁੱਚੇ ਅਗਜੈਕਟਿਵ ਮੈਬਰਾਂ ਵੱਲੋਂ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋਂ ਲੰਮੇ ਸਮੇ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਮੁਲਕੀ ਪੱਧਰ ਤੇ ਦਸਤਖ਼ਤੀ ਮੁਹਿੰਮ ਦੀ ਸੁਰੂਆਤ ਕੀਤੀ ਗਈ ਹੈ, ਇਹ ਕੀਤਾ ਜਾ ਰਿਹਾ ਉਦਮ ਤਾਂ ਠੀਕ ਹੈ, ਪਰ ਜੋ ਬਹੁਤ ਲੰਮੇ ਸਮੇ ਤੋਂ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲੇ ਜਿਊ ਦੇ ਤਿਊ ਖੜ੍ਹੇ ਹਨ ਅਤੇ ਜਿਨ੍ਹਾਂ ਨੂੰ ਇਨ੍ਹਾਂ ਦੇ ਸਿਆਸੀ ਆਕਾਵਾਂ ਨੇ ਪੰਜਾਬ ਦੀ ਹਕੂਮਤ ਉਤੇ ਬੈਠਿਆ ਕਦੀ ਵੀ ਨਾ ਤਾਂ ਸੰਜੀਦਗੀ ਨਾਲ ਲਿਆ ਹੈ ਅਤੇ ਨਾ ਹੀ ਉਨ੍ਹਾਂ ਮਸਲਿਆ ਦਾ ਹੱਲ ਕੀਤਾ ਹੈ, ਉਨ੍ਹਾਂ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਇਕੋ ਇਕ ਵਾਹਿਦ ਧਾਰਮਿਕ ਸੰਸਥਾਂ ਹੈ । ਉਸ ਵੱਲੋਂ ਇਨ੍ਹਾਂ ਮਸਲਿਆ ਸੰਬੰਧੀ ਚੁੱਪੀ ਕਿਉਂ ਧਾਰੀ ਹੋਈ ਹੈ ? ਉਨ੍ਹਾਂ ਸੰਬੰਧੀ ਇਸ ਤਰ੍ਹਾਂ ਦਾ ਵੱਡਾ ਪ੍ਰੋਗਰਾਮ ਕਿਉਂ ਨਹੀ ਕੀਤਾ ਜਾ ਰਿਹਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਐਸ.ਜੀ.ਪੀ.ਸੀ. ਉਤੇ ਕੰਮ ਕਰ ਰਹੇ ਇਸ ਸੰਸਥਾਂ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਐਡਵੋਕੇਟ ਅਤੇ ਸਮੁੱਚੇ ਅਗਜੈਕਟਿਵ ਮੈਬਰਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਰੂ ਕੀਤੀ ਦਸਤਖ਼ਤੀ ਮੁਹਿੰਮ ਨੂੰ ਸਹੀ ਕਰਾਰ ਦਿੰਦੇ ਹੋਏ ਅਤੇ ਬਾਕੀ ਪੰਜਾਬ ਤੇ ਸਿੱਖ ਕੌਮ ਨਾਲ ਸੰਬੰਧਤ ਲੰਮੇ ਸਮੇ ਤੋ ਲਟਕਦੇ ਆ ਰਹੇ ਗੰਭੀਰ ਮਸਲਿਆ ਸੰਬੰਧੀ ਧਾਰੀ ਜਾਂਦੀ ਆ ਰਹੀ ਚੁੱਪੀ ਉਤੇ ਪੰਜਾਬੀਆਂ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 2015 ਤੋਂ ਅਨੇਕਾ ਵਾਰ ਵੱਖ-ਵੱਖ ਸਥਾਨਾਂ ਉਤੇ ਸਾਜਸੀ ਢੰਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਕੜੇ ਵਾਰ ਬੇਅਬਦੀਆਂ ਹੋ ਚੁੱਕੀਆ ਹਨ । ਇਸਦੇ ਇਨਸਾਫ਼ ਲਈ ਬਹਿਬਲ ਕਲਾਂ ਵਿਖੇ ਅਮਨਮਈ ਢੰਗ ਨਾਲ ਰੋਸ ਕਰ ਰਹੇ ਸਿੱਖਾਂ ਉਤੇ ਗੋਲੀਆਂ ਚਲਾਕੇ ਉਸ ਸਮੇਂ ਦੀ ਬਾਦਲ ਸਰਕਾਰ ਦੇ ਹੁਕਮਾਂ ਉਤੇ ਡੀਜੀਪੀ ਸੁਮੇਧ ਸੈਣੀ ਵੱਲੋ ਦੋ ਸਿੱਖਾਂ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਸੀ ਅਤੇ ਅਨੇਕਾ ਨੂੰ ਜਖ਼ਮੀ ਕਰ ਦਿੱਤਾ ਸੀ । ਉਨ੍ਹਾਂ ਕਤਲਾਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੂੰ ਗ੍ਰਿਫ਼ਤਾਰ ਕਰਵਾਕੇ ਸਜਾਵਾਂ ਕਿਉਂ ਨਹੀਂ ਦਿਵਾਈਆ ਜਾ ਰਹੀਆ ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਸਾਹਮਣੇ ਕਿਉਂ ਨਹੀ ਲਿਆਂਦਾ ਜਾ ਰਿਹਾ ਅਤੇ ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਾਲਕੇ ਸੁਰੱਖਿਅਤ ਕਰਨ ਦੀ ਜਿ਼ੰਮੇਵਾਰੀ ਕਿਉਂ ਨਹੀ ਨਿਭਾਈ ਜਾ ਰਹੀ ? ਕੰਵਰ ਨੌਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਵੱਲੋ ਜੋ ਤਰਨਤਾਰਨ ਵਿਖੇ ਦਰਸ਼ਨੀ ਡਿਊੜ੍ਹੀ ਬਹੁਤ ਪਹਿਲੇ ਖੁਦ ਤਿਆਰ ਕਰਵਾਈ ਗਈ ਸੀ, ਉਸਨੂੰ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਨੂੰ ਲਿਖਤੀ ਸੇਵਾ ਦੇ ਕੇ ਅਤੇ ਮਤਾ ਪਾਸ ਕਰਕੇ ਗਿਰਾਉਣ ਦੇ ਹੁਕਮ ਕਿਸ ਵੱਲੋ ਕੀਤੇ ਗਏ ਸਨ, ਉਸ ਸੱਚ ਤੋ ਸਿੱਖ ਕੌਮ ਨੂੰ ਜਾਣੂ ਕਰਵਾਉਣ ਅਤੇ ਇਸਦੇ ਦੋਸ਼ੀਆਂ ਨੂੰ ਸਿੱਖ ਰਵਾਇਤਾ ਅਨੁਸਾਰ ਸਜਾਵਾਂ ਦੇਣ ਦਾ ਪ੍ਰਬੰਧ ਕਿਉਂ ਨਹੀ ਕੀਤਾ ਜਾ ਰਿਹਾ? ਐਸ.ਜੀ.ਪੀ.ਸੀ. ਦੇ ਅਧੀਨ ਜੋ ਵਿਦਿਅਕ ਅਤੇ ਸਿਹਤਕ ਅਦਾਰੇ ਕੌਮੀ ਖਜਾਨੇ ਵਿਚੋ ਬਣੇ ਹਨ, ਉਨ੍ਹਾਂ ਨੂੰ ਨਿੱਜੀ ਹੱਥਾਂ ਵਿਚ ਦੇ ਕੇ ਟਰੱਸਟ ਬਣਾਕੇ ਹੁੰਦੀ ਆ ਰਹੀ ਲੁੱਟ ਬੰਦ ਕਿਉਂ ਨਹੀ ਕਰਵਾਈ ਜਾ ਰਹੀ ? ਐਸ.ਜੀ.ਪੀ.ਸੀ. ਦੇ ਗੁਰੂਘਰਾਂ ਦੀਆਂ ਜ਼ਮੀਨਾਂ ਬਜਾਰੂ ਕੀਮਤ ਤੋ ਘੱਟ ਆਪਣੇ ਚੇਹਤਿਆ ਤੇ ਪਰਿਵਾਰਿਕ ਮੈਬਰਾਂ ਨੂੰ ਦੇ ਕੇ ਕੌਮੀ ਖਜਾਨੇ ਤੇ ਕੌਮੀ ਜਾਇਦਾਦਾਂ ਦੀ ਲੁੱਟ ਕਰਵਾਉਣ ਲਈ ਕੌਣ ਜਿ਼ੰਮੇਵਾਰ ਹੈ ? ਐਸ.ਜੀ.ਪੀ.ਸੀ. ਵਿਚ ਦੇਸ਼ੀ ਘਿਓ ਦੇ ਪੀਪਿਆ, ਸਿਰਪਾਓ, ਚੰਦੋਆ ਸਾਹਿਬਾਨ, ਇਮਾਰਤੀ ਸਾਜੋ-ਸਮਾਨ ਦੀ ਖਰੀਦ ਵਿਚ ਹੁੰਦੇ ਆ ਰਹੇ ਘਪਲਿਆ ਦੇ ਸੱਚ ਨੂੰ ਸਾਹਮਣੇ ਕਿਉਂ ਨਹੀ ਲਿਆਂਦਾ ਜਾ ਰਿਹਾ ? ਜੋ ਮੁਲਾਜਮ ਜਾਂ ਅਧਿਕਾਰੀ ਅਜਿਹੇ ਘਪਲਿਆ ਲਈ ਜਿ਼ੰਮੇਵਾਰ ਹਨ, ਉਨ੍ਹਾਂ ਨੂੰ ਗੁਰੂਘਰਾਂ ਵਿਚੋ ਲਾਂਭੇ ਕਿਉਂ ਨਹੀ ਕੀਤਾ ਜਾ ਰਿਹਾ ? ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਜੋ ਬੀਤੇ 11 ਸਾਲਾਂ ਤੋ ਨਹੀ ਹੋ ਰਹੀਆ, ਉਨ੍ਹਾਂ ਨੂੰ ਕਰਵਾਉਣ ਲਈ ਸੈਟਰ ਦੀ ਮੋਦੀ ਹਕੂਮਤ ਅਤੇ ਗ੍ਰਹਿ ਵਿਭਾਗ ਨੂੰ ਸੰਪਰਕ ਬਣਾਕੇ ਜਿ਼ੰਮੇਵਾਰੀ ਕਿਉਂ ਨਹੀ ਪੂਰੀ ਕੀਤੀ ਜਾ ਰਹੀ ? ਪੰਜਾਬ ਦੇ ਅਹਿਮ ਮੁੱਦਿਆ ਬਿਜਲੀ, ਦਰਿਆਵਾ ਦੇ ਪਾਣੀਆ, ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆ, ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਪੰਜਾਬ ਦੇ ਅਧਿਕਾਰਾਂ, ਪੰਜਾਬੀ ਬੋਲੀ ਨੂੰ ਲਾਗੂ ਕਰਨ, ਚੰਡੀਗੜ੍ਹ ਵਿਚ ਪੰਜਾਬ ਦੇ ਕੋਟੇ ਦੇ ਅਨੁਸਾਰ ਅਫਸਰਾਨ ਤੇ ਮੁਲਾਜਮਾਂ ਦੀ ਭਰਤੀ ਸੰਬੰਧੀ ਦ੍ਰਿੜਤਾ ਨਾਲ ਸਟੈਂਡ ਲੈਣ ਤੋ ਪਿੱਠ ਕਿਉਂ ਦਿਖਾਈ ਜਾ ਰਹੀ ਹੈ ?

ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੰਭੀਰ ਹੈ, ਪਰ ਉਪਰੋਕਤ ਵਰਣਨ ਕੀਤੇ ਗਏ ਲੰਮੇ ਸਮੇ ਤੋ ਲਟਕਦੇ ਆ ਰਹੇ ਧਾਰਮਿਕ, ਕੌਮੀ ਤੇ ਸਿਆਸੀ ਮਸਲਿਆ ਉਤੇ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਦੇ ਪ੍ਰਧਾਨ ਤੇ ਅਗਜੈਕਟਿਵ ਘਸੇਲ ਕਿਉਂ ਮਾਰੀ ਬੈਠੀ ਹੈ ? ਇਕ ਮੁੱਦੇ ਉਤੇ ਗੱਲ ਕਰਕੇ ਸਿਆਸੀ ਤੌਰ ਤੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਸਾਖ ਗੁਆ ਚੁੱਕੇ ਬਾਦਲ ਦਲੀਆ ਨੂੰ ਅਤੇ ਬਾਦਲ ਪਰਿਵਾਰ ਨੂੰ ਇਹ ਐਸ.ਜੀ.ਪੀ.ਸੀ. ਅਧਿਕਾਰੀ ਹੁਣ ਸਿੱਖ ਕੌਮ ਦੇ ਦੋਸੀ ਹੋਣ ਨਹੀ ਬਚਾਅ ਸਕਣਗੇ । ਜੇਕਰ ਉਹ ਸਹੀ ਮਾਇਨਿਆ ਵਿਚ ਸਿੱਖ ਕੌਮ ਦੀ ਧਾਰਮਿਕ ਤੌਰ ਤੇ ਨੁਮਾਇੰਦਗੀ ਕਰਨ ਦੀਆਂ ਜਿ਼ੰਮੇਵਾਰੀਆ ਨੂੰ ਸਮਝਦੇ ਹਨ ਤਾਂ ਇਸ ਦਸਤਖਤੀ ਮੁਹਿੰਮ ਦੇ ਨਾਲ-ਨਾਲ ਇਨ੍ਹਾਂ ਮੁੱਦਿਆ ਉਤੇ ਵੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਬੋਲਣ ਅਤੇ ਅਮਲ ਕਰਨ ਵਰਨਾ ਇਨ੍ਹਾਂ ਦਾ ਉਪਰੋਕਤ ਮੁੱਦਾ ਵੀ ਬਾਦਲ ਪਰਿਵਾਰ ਦੇ ਸਿਆਸੀ ਮਕਸਦਾਂ ਦੀ ਪੂਰਤੀ ਕਰਨ ਵਾਲਾ ਹੀ ਕੌਮ ਵਿਚ ਮੰਨਿਆ ਜਾਵੇਗਾ ।

error: Content is protected !!