ਮਜੀਠੀਆ ਨੇ ਕਿਹਾ-ਮੁੱਖ ਮੰਤਰੀ ਸਾਬ੍ਹ ਜੇ ਗੋਲਡੀ ਬਰਾੜ ਫੜ ਲਿਆ ਤਾਂ ਕੋਈ ਫੋਟੋ ਤਾਂ ਜਾਰੀ ਕਰ ਦਿਓ, ਕਿਉਂ ਜਬਲੀਆਂ ਮਾਰੀ ਜਾਂਦੇ ਆ

ਮਜੀਠੀਆ ਨੇ ਕਿਹਾ-ਮੁੱਖ ਮੰਤਰੀ ਸਾਬ੍ਹ ਜੇ ਗੋਲਡੀ ਬਰਾੜ ਫੜ ਲਿਆ ਤਾਂ ਕੋਈ ਫੋਟੋ ਤਾਂ ਜਾਰੀ ਕਰ ਦਿਓ, ਕਿਉਂ ਜਬਲੀਆਂ ਮਾਰੀ ਜਾਂਦੇ ਆ

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸ਼ਾਜਿਸ਼ਕਾਰ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ਦੇ ਕੈਲੀਫੋਰਨੀਆ ‘ਚ ਗ੍ਰਿਫਤਾਰੀ ਦਾ ਪਤਾ ਲੱਗਦੇ ਹੀ ਜਿੱਥੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕੁਝ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਬਿਕਰਮ ਮਜੀਠੀਆ ਨੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਕਈ ਸਵਾਲ ਚੁੱਕੇ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ਅਮਰੀਕੀ ਏਜੰਸੀਆਂ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਹਿਰਾਸਤ ਵਿੱਚ ਲੈ ਕੇ ਉਸ ਨੂੰ ਜਲਦੀ ਪੰਜਾਬ ਲਿਆਉਣ ਦੇ ਦਾਅਵੇ ‘ਤੇ ਝੂਠ ਕਿਉਂ ਬੋਲਿਆ। ਉਨ੍ਹਾਂ ਵੱਲੋਂ ਇਹ ਦਾਅਵਾ ਕੀਤੇ 48 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਗੋਲਡੀ ਦੀ ਹਿਰਾਸਤ ਦੀ ਕੋਈ ਵੀ ਫੋਟੋ ਜਾਂ ਵੀਡੀਓ ਜਨਤਕ ਤੌਰ ‘ਤੇ ਸਾਹਮਣੇ ਨਹੀਂ ਆਈ ਹੈ।

ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਝੂਠਾ ਕਰਾਰ ਦਿੱਤਾ ਹੈ। ਬਿਕਰਮ ਮਜੀਠੀਆ ਨੇ ਸੀਐਮ ਮਾਨ ਨੂੰ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਦੇ ਮਾਮਲੇ ‘ਚ ਝੂਠ ਕਿਉਂ ਬੋਲਿਆ। ਗੋਲਡੀ ਬਰਾੜ ਦੇ ਦਾਅਵੇ ਤੋਂ ਬਾਅਦ ਵੀ ਸੁਰੱਖਿਆ ਏਜੰਸੀਆਂ ਉਸ ਦੀ ਗ੍ਰਿਫਤਾਰੀ ‘ਤੇ ਮੋਹਰ ਲਗਾਉਣ ਤੋਂ ਕਿਉਂ ਗੁਰੇਜ਼ ਕਰ ਰਹੀਆਂ ਹਨ। ਇਸ ਸਬੰਧੀ ਉਨ੍ਹਾਂ ਨੇ ਟਵੀਟ ਵੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗੋਲਡੀ ਬਰਾੜ ਦੀ ਅਮਰੀਕਾ ਦੇ ਕੈਲੀਫੋਰਨੀਆ ‘ਚ ਗ੍ਰਿਫਤਾਰੀ ਦਾ ਮਾਮਲਾ ਸਾਹਮਣੇ ਆਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਚੋਣਾਂ ਦੇ ਪ੍ਰਚਾਰ ਦੌਰਾਨ ਇਸ ‘ਤੇ ਮੋਹਰ ਲਾਈ ਅਤੇ ਇਸ ਨੂੰ ਪੰਜਾਬ ਸਰਕਾਰ ਦੀ ਵੱਡੀ ਸਫਲਤਾ ਕਰਾਰ ਦਿੱਤਾ ਪਰ ਬਿਕਰਮ ਮਜੀਠੀਆ ਨੇ ਉਨ੍ਹਾਂ ਦੇ ਇਸ ਦਾਅਵੇ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪੋਸਟ ਕਰਕੇ ਸੀਐਮ ਮਾਨ ਨੂੰ ਝੂਠਾ ਕਰਾਰ ਦਿੱਤਾ ਹੈ।


ਮਜੀਠੀਆ ਦੇ ਟਵੀਟ ਵਿੱਚ ਸੀਐਮ ਮਾਨ ਨੂੰ ਆਪਣੇ ਸੂਚਨਾ ਸਰੋਤ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਸਪੱਸ਼ਟ ਕਰਨ ਕਿ ਗੋਲਡੀ ਬਰਾੜ ਨੂੰ ਅਮਰੀਕਾ ‘ਚ ਹਿਰਾਸਤ ‘ਚ ਲੈਣ ਦੀ ਸੂਚਨਾ ਉਨ੍ਹਾਂ ਨੂੰ ਕਿਵੇਂ ਮਿਲੀ। ਭਾਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਜਾਂ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਜਾਂ ਹੋਰ ਅਮਰੀਕੀ ਏਜੰਸੀਆਂ ਜਾਂ ਸਿੱਧੇ ਐਫਬੀਆਈ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਇਹ ਦਾਅਵਾ ਉਸ ਵੱਲੋਂ ਪਿਛਲੇ ਸਮੇਂ ਵਿੱਚ ਕੀਤੇ ਗਏ ਹੋਰ ਝੂਠੇ ਦਾਅਵਿਆਂ ਨਾਲ ਮੇਲ ਖਾਂਦਾ ਜਾਪਦਾ ਹੈ, ਜਿਵੇਂ ਕਿ BMW ਵੱਲੋਂ ਪੰਜਾਬ ਵਿੱਚ ਨਿਵੇਸ਼ ਕਰਨਾ।

error: Content is protected !!