ਮਕੈਨਿਕ ਗੱਡੀ ਠੀਕ ਕਰਦਾ ਹੋ ਗਿਆ ਲੇਟ ਤਾਂ ਨੌਜਵਾਨ ਨੇ ਚਲਾ ਦਿੱਤੀਆਂ ਗੋਲ਼ੀਆਂ, ਜੇਬ੍ਹ ‘ਚ ਪਾਈ ਫਿਰਦਾ ਸੀ ਚਿੱਟਾ

ਮਕੈਨਿਕ ਗੱਡੀ ਠੀਕ ਕਰਦਾ ਹੋ ਗਿਆ ਲੇਟ ਤਾਂ ਨੌਜਵਾਨ ਨੇ ਚਲਾ ਦਿੱਤੀਆਂ ਗੋਲ਼ੀਆਂ


ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਵਿੱਚ ਇਕ ਨੌਜਵਾਨ ਨੇ ਕਾਰ ਮਕੈਨਿਕ ਉੱਪਰ ਸਿਰਫ ਇਸ ਲਈ ਗੋਲੀਆਂ ਚਲਾ ਦਿੱਤੀਆਂ ਕਿਉਂਕਿ ਮਕੈਨਿਕ ਕਾਰ ਠੀਕ ਕਰਨ ਵਿੱਚ ਲੇਟ ਹੋ ਗਿਆ ਸੀ। ਇਸ ਦੌਰਾਨ ਮਕੈਨਿਕ ਦਾ ਬਚਾਅ ਸਿਰਫ ਇਸ ਲਈ ਹੋ ਗਿਆ ਕਿ ਗੋਲ਼ੀਆਂ ਚਲਾਉਂਦੇ ਸਮੇਂ ਨੌਜਵਾਨ ਦਾ ਹੱਥ ਹਿੱਲ ਗਿਆ ਅਤੇ ਗੋਲ਼ੀਆਂ ਹਵਾ ਵਿੱਚ ਚੱਲ ਗਈਆਂ। ਉਕਤ ਮਾਮਲੇ ਤੋਂ ਬਾਅਦ ਜਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਕੋਲੋਂ ਰਿਵਾਲਵਰ ਦੇ ਨਾਲ-ਨਾਲ ਚਿੱਟਾ ਵੀ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ।


ਜਾਣਕਾਰੀ ਮੁਤਾਬਕ ਮਕੈਨਿਕ ਮੱਖਣ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਗਦੀਪ ਸਿੰਘ ਨਾਮਕ ਨੌਜਵਾਨ ਨੇ ਆਪਣੀ ਕਾਰ ਨੂੰ ਠੀਕ ਕਰਨ ਲਈ ਮਾਨਸਾ ਰੋਡ ’ਤੇ ਸਥਿਤ ਐਸਪੀ ਮੋਰਟਰਸ ਦੀ ਵਰਕਸ਼ਾਪ ਵਿੱਚ ਖੜ੍ਹੀ ਕੀਤੀ ਸੀ। ਜਿੱਥੇ ਮਕੈਨਿਕ ਨੇ 30 ਨਵੰਬਰ ਨੂੰ ਉਕਤ ਗੱਡੀ ਨੂੰ ਠੀਕ ਕਰਕੇ ਜਗਦੀਪ ਨੂੰ ਸੌਂਪਣਾ ਸੀ। ਅੱਜ ਜਦੋਂ ਜਗਦੀਪ ਕਾਰ ਲੈਣ ਲਈ ਪਹੁੰਚਿਆ ਤਾਂ ਕਾਰ ਠੀਕ ਨਹੀਂ ਸੀ। ਜਿਸ ਦਾ ਕਾਰਨ ਮਕੈਨਿਕ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਨੂੰ ਪੈਸੇ ਨਹੀਂ ਦਿੱਤੇ ਸਨ ਜਿਸ ਕਾਰਨ ਕਾਰ ਦੀ ਮੁਰੰਮਤ ਨਹੀਂ ਕਰਵਾਈ ਗਈ। ਡੀਐਸਪੀ ਨੇ ਦੱਸਿਆ ਕਿ ਜਦੋਂ ਨੌਜਵਾਨ ਗੱਡੀ ਲੈਣ ਲਈ ਪਹੁੰਚਿਆ ਤਾਂ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਗੱਡੀ ਠੀਕ ਨਹੀਂ ਹੈ ਤਾਂ ਉਸ ਨੇ ਵਰਕਸ਼ਾਪ ਦੇ ਮੁਲਾਜ਼ਮਾਂ ਅਤੇ ਮਕੈਨਿਕ ਮੱਖਣ ਸਿੰਘ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਸ ਨੇ ਸਿੱਧੀ ਗੋਲੀ ਚਲਾ ਦਿੱਤੀ।


ਸ਼ਿਕਾਇਤ ਤੋਂ ਬਾਅਦ ਥਾਣਾ ਕੈਨਾਲ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਜਗਦੀਪ ਸਿੰਘ ਨੂੰ ਹਿਰਾਸਤ ‘ਚ ਲੈ ਕੇ ਚੈਕਿੰਗ ਦੌਰਾਨ ਉਸ ਕੋਲੋਂ ਇਕ ਰਿਵਾਲਵਰ ਅਤੇ ਤਿੰਨ ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ। ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਮਕੈਨਿਕ ਮੱਖਣ ਸਿੰਘ ਦੇ ਬਿਆਨਾਂ ‘ਤੇ ਨੌਜਵਾਨ ਜਗਦੀਪ ਸਿੰਘ ਖਿਲਾਫ ਇਰਾਦਾ ਕਤਲ ਅਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

error: Content is protected !!