ਕਰ ਲਓ ਗੱਲ; ਡਾਕਟਰ ਗੱਪਾਂ ਮਾਰਨ ‘ਚ ਬਿਜ਼ੀ ਸੀ, ਤਾਂ ਸਫਾਈ ਕਾਮੇ ਨੇ ਲਾਏ ਮਰੀਜ਼ ਦੇ ਟਾਂਕੇ

ਕਰ ਲਓ ਗੱਲ; ਡਾਕਟਰ ਗੱਪਾਂ ਮਾਰਨ ‘ਚ ਬਿਜ਼ੀ ਸੀ, ਤਾਂ ਸਫਾਈ ਕਾਮੇ ਨੇ ਲਾਏ ਮਰੀਜ਼ ਦੇ ਟਾਂਕੇ

 

ਖਰੜ (ਵੀਓਪੀ ਬਿਊਰੋ) ਪੰਜਾਬ ਸਰਕਾਰ ਦੇ ਆਮ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਵਾਂ ਦੇ ਦੇਣ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ ਜਦ ਖਰੜ ਸਰਕਾਰੀ ਹਸਪਤਾਲ ਵਿੱਚ ਇਕ ਸਫਾਈ ਕਰਮਚਾਰੀ ਨੇ ਇਕ ਜ਼ਖਮੀ ਮਰੀਜ਼ ਦੇ ਹੱਥ ਉਪਰ ਟਾਂਕੇ ਲਾ ਦਿੱਤੇ। ਉਕਤ ਮਾਮਲਾ ਉਸ ਸਮੇਂ ਪ੍ਰਕਾਸ਼ ਵਿੱਚ ਆਇਆ ਜਦ ਕਿਸੇ ਨੇ ਇਸ ਦੀ ਵੀਡੀਓ ਬਣਾ ਲਈ। ਘਟਨਾ ਦੌਰਾਨ ਡਾਕਟਰ ਵੀ ਉੱਥੇ ਹੀ ਮੌਜੂਦ ਸੀ ਅਤੇ ਉਹ ਕੁਰਸੀ ‘ਤੇ ਬੈਠ ਕੇ ਕਿਸੇ ਹੋਰ ਵਿਅਕਤੀ ਤੇ ਨਾਲ ਗੱਪਾਂ ਮਾਰ ਰਿਹਾ ਸੀ। ਘਟਨਾ ਦੀ ਵੀਡੀਓ ਵਾਇਰਲ ਹੁੰਦੇ ਹੀ ਉਕਤ ਡਾਕਟਰ ਨੂੰ ਬਰਖਾਸਤ ਕਰਨ ਦੀ ਮੰਗ ਉੱਠ ਰਹੀ ਹੈ।

ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਨੂੰ ਇੱਕ ਬਜ਼ੁਰਗ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਖਰੜ ਦੀ ਐਮਰਜੈਂਸੀ ਵਿੱਚ ਪਹੁੰਚਿਆ। ਉਸ ਦੇ ਹੱਥ ਨੂੰ ਸੱਟ ਲੱਗੀ ਸੀ। ਇਸ ਦੌਰਾਨ ਉਥੇ ਸਫ਼ਾਈ ਦਾ ਕੰਮ ਕਰਦੇ ਹੋਏ ਸੋਢੀ ਨਾਂ ਦੇ ਨੌਜਵਾਨ ਨੇ ਉਸ ਦੇ ਹੱਥ ਟਾਂਕੇ ਲਾਏ ਜਦੋਂਕਿ ਡਿਊਟੀ ’ਤੇ ਤਾਇਨਾਤ ਡਾਕਟਰ ਮਨਜੀਤ ਸਿੰਘ ਇੱਕ ਵਿਅਕਤੀ ਨਾਲ ਕੁਰਸੀ ’ਤੇ ਬੈਠ ਗਿਆ। ਜਦੋਂ ਪੱਤਰਕਾਰ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾਈ ਤਾਂ ਉਕਤ ਸਵੀਪਰ ਅੱਧ ਵਿਚਾਲੇ ਹੀ ਕੰਮ ਛੱਡ ਕੇ ਚਲਾ ਗਿਆ ਅਤੇ ਫਿਰ ਸਟਾਫ ਨਰਸ ਨੇ ਟਾਂਕੇ ਲਾ ਦਿੱਤੇ।

ਇਸ ਦੌਰਾਨ ਜਦ ਖਰੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸੁਖਵਿੰਦਰ ਸਿੰਘ ਦਿਓਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਡੀਓ ਰਾਹੀਂ ਮਾਮਲੇ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਂਚ ਕਰਨ ਤੋਂ ਬਾਅਦ ਡਾਕਟਰ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

error: Content is protected !!