ਗੁਰੂ ਗੋਬਿੰਦ ਸਿੰਘ ਵਰਗਾ ਨਾ ਦੁਨੀਆਂ ’ਤੇ ਕੋਈ ਹੋਇਆ, ਨਾ ਹੋਵੇਗਾ : ਹਰਮੀਤ ਸਿੰਘ ਕਾਲਕਾ

ਗੁਰੂ ਗੋਬਿੰਦ ਸਿੰਘ ਵਰਗਾ ਨਾ ਦੁਨੀਆਂ ’ਤੇ ਕੋਈ ਹੋਇਆ, ਨਾ ਹੋਵੇਗਾ : ਹਰਮੀਤ ਸਿੰਘ ਕਾਲਕਾ

 

ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 11 ਸਿੰਘ ਸਭਾਵਾਂ ਦੀਆਂ ਪ੍ਰਭਾਤ ਫੇਰੀਆਂ ਦੀ ਸਮਾਪਤੀ ਕਾਲਕਾ ਜੀ ਵਿਖੇ ਹੋਈ

ਨਵੀਂ ਦਿੱਲੀ, 18 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀਆਂ 11 ਸਿੰਘ ਸਭਾਵਾਂ ਵੱਲੋਂ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਪ੍ਰਭਾਤ ਫੇਰੀਆਂ ਬੀ ਬਲਾਕ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੇ ਦਫਤਰ ਵਿਖੇ ਸਮਾਪਤ ਹੋਈਆਂ।

ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਉਹਨਾਂ ਦੇ ਪਰਿਵਾਰ ਨੇ ਪ੍ਰਭਾਤ ਫੇਰੀਆਂ ਵਿਚ ਪਹੁੰਚੀ ਸੰਗਤ ਨੂੰ ਜੀ ਆਇਆਂ ਕਿਹਾ। ਇਸ ਮੌਕੇ ਰਾਗੀ ਸਿੰਘਾਂ ਨੇ ਗੁਰੂ ਜੱਸ ਦਾ ਮਨੋਹਰ ਕੀਰਤਨ ਕੀਤਾ ਤੇ ਸਮਾਪਤੀ ’ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਿਛਲੇ ਕਈ ਸਾਲਾਂ ਦੀ ਰਵਾਇਤ ਹੈ ਕਿ ਸਰਬੰਸਦਾਨੀ ਦਸਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਾਲਕਾ ਜੀ ਦੀਆਂ ਸਮੂੰਹ 11 ਸਿੰਘ ਸਭਾਵਾਂ ਵੱਲੋਂ ਕੀਰਤਨ ਗਾਇਨ ਕਰਦੇ ਹੋਏ ਪ੍ਰਭਾਤ ਫੇਰੀਆਂ ਦੀ ਸਮਾਪਤੀ 14/10 ਕਾਲਕਾ ਜੀ ਦਫ਼ਤਰ ਵਿਖੇ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕਈ ਸਾਲਾਂ ਤੋਂ ਇਹ ਰਵਾਇਤ ਚਲ ਰਹੀ ਹੈ।

ਉਹਨਾਂ ਕਿਹਾ ਕਿ ਜੇਕਰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗਾਥਾ ਦੱਸਣ ਲੱਗੀਏ ਤਾਂ ਕਈ ਕਈ ਸਾਲ ਲੱਗ ਜਾਣਗੇ। ਉਹਨਾਂ ਕਿਹਾ ਕਿ ਗੁਰੂ ਸਾਹਿਬ ਬਹੁਤ ਵੱਡੇ ਲਿਖਾਰੀ ਸਨ ਤੇ ਯੋਧੇ ਸਨ ਜਿਹਨਾਂ ਨੂੰ ਸੰਤ ਸਿਪਾਹੀ ਦਾ ਦਰਜਾ ਮਿਲਿਆ ਜੋ ਕਿਸੇ ਹੋਰ ਨੂੰ ਨਹੀਂ ਮਿਲਿਆ।

ਉਹਨਾਂ ਕਿਹਾ ਕਿ ਆਪਣੇ ਪਿਤਾ ਨੂੰ ਦੂਜੇ ਧਰਮ ਵਾਸਤੇ ਸ਼ਹਾਦਤ ਦੇਣ ਵਾਸਤੇ ਕਹਿਣਾ, ਆਪਣੇ ਬੱਚਿਆਂ ਦੀ ਸ਼ਹਾਦਤ ਦੇਣੀ ਤੇ ਆਪਣੇ ਸਿੰਘਾਂ ਤੇ ਪਰਿਵਾਰ ਵਿਚ ਕੋਈ ਫਰਕ ਨਾ ਰੱਖਣਾ ਇਹ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੀ ਕੀਤਾ ਹੈ ਤੇ ਦੁਨੀਆਂ ਵਿਚ ਹੋਰ ਕੋਈ ਵੀ ਅਜਿਹਾ ਨਹੀਂ ਕਰਸਕਿਆ।

ਸਰਦਾਰ ਕਾਲਕਾ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 1975 ਤੋਂ ਇਲਾਕੇ ਦੀਆਂ ਸੇਵਾਵਾਂ ਉਹਨਾਂ ਦੇ ਦਾਦਾ ਜੀ ਦੀ ਝੋਲੀ ਪਈਆਂ ਤੇ ਅੱਜ ਤੱਕ ਪਰਿਵਾਰ ਇਲਾਕੇ ਦੀ ਸੇਵਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਹ ਅੱਜ ਜਿਥੇ ਵੀ ਉਹ ਪਹੁੰਚੇ ਹਨ, ਉਹ ਸੰਗਤ ਦੇ ਆਸ਼ੀਰਵਾਦ ਸਦਕਾ ਹੀ ਸੰਭਵ ਹੋਇਆ ਹੈ।

ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਦੇ ਪਿਤਾ ਸਰਦਾਰ ਦਲਜੀਤ ਸਿੰਘ ਕਾਲੜਾ ਨੇ ਇਲਾਕੇ ਦੇ ਕੌਂਸਲਰ ਸ੍ਰੀਮਤੀ ਯੋਗਿਤਾ ਨੂੰ ਸਿਰੋਪਾਓ ਬਖਸ਼ਿਸ਼ ਕਰ ਕੇ ਸਨਮਾਨਤ ਕੀਤਾ। ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

error: Content is protected !!