ਜਗਦੀਸ਼ ਟਾਈਟਲਰ ਵੱਲੋਂ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਣ ਤੇ ਜਾਗੋ ਪਾਰਟੀ ਯਾਤਰਾ ਦਿੱਲੀ ਪੂਜਣ ਤੇ ਵਿਖਾਏਗੀ ਕਾਲੇ ਝੰਡੇ

ਜਗਦੀਸ਼ ਟਾਈਟਲਰ ਵੱਲੋਂ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਣ ਤੇ ਜਾਗੋ ਪਾਰਟੀ ਯਾਤਰਾ ਦਿੱਲੀ ਪੂਜਣ ਤੇ ਵਿਖਾਏਗੀ ਕਾਲੇ ਝੰਡੇ

ਸਟਿੰਗ ਵੀਡੀਓ ‘ਚ ਟਾਈਟਲਰ 100 ਸਿੱਖਾਂ ਨੂੰ ਮਾਰਨ ਦੀ ਗੱਲ ਕਰਦਿਆਂ ਨਜ਼ਰ ਆ ਰਿਹਾ: ਜੀਕੇ

ਨਵੀਂ ਦਿੱਲੀ 19 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਕਾਂਗਰਸ ਸਾਂਸਦ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ “ਭਾਰਤ ਜੋੜੋ ਯਾਤਰਾ” ਦੇ ਦਿੱਲੀ ਪੁੱਜਣ ਉਤੇ ਕਾਲੇ ਝੰਡੇ ਵਿਖਾਉਣ ਦੀ ਜਾਗੋ ਪਾਰਟੀ ਨੇ ਚਿਤਾਵਨੀ ਦਿੱਤੀ ਹੈ। ਅੱਜ ਇਸ ਯਾਤਰਾ ਦੀ ਤਿਆਰੀਆਂ ਸਬੰਧੀ ਦਿੱਲੀ ਵਿਖੇ ਕਾਂਗਰਸ ਪਾਰਟੀ ਵੱਲੋਂ ਸੱਦੀ ਗਈ ਮੀਟਿੰਗ ‘ਚ 1984 ਸਿੱਖ ਕਤਲੇਆਮ ਮਾਮਲਿਆਂ ਦੇ ਆਰੋਪੀ ਜਗਦੀਸ਼ ਟਾਈਟਲਰ ਦੇ ਸ਼ਾਮਲ ਹੋਣ ਤੋਂ ਬਾਅਦ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਇਹ ਪ੍ਰਤਿਕਰਮ ਸਾਹਮਣੇ ਆਇਆ ਹੈ। ਜੀਕੇ ਨੇ ਦਾਅਵਾ ਕੀਤਾ ਕਿ ਟਾਈਟਲਰ ਦੇ ਹੱਥ 1984 ਸਿੱਖ ਕਤਲੇਆਮ ਦੌਰਾਨ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ। ਇਸ ਦੇ ਖਿਲਾਫ ਗੁਰਦੁਆਰਾ ਪੁਲ ਬੰਗਸ਼ ਨੂੰ ਅੱਗ ਲਗਾਉਣ ਅਤੇ ਭੀੜ ਨੂੰ ਭੜਕਾਉਣ ਦੇ ਆਰੋਪ ਹਨ। ਜਿਸ ਕਰਕੇ 3 ਸਿੱਖਾਂ ਦਾ ਕਤਲ ਹੋਇਆ ਸੀ, ਇਸ ਕੇਸ ‘ਚ ਇਸ ਸਬੰਧੀ ਗਵਾਹੀਆਂ ਵੀ ਹੋ ਚੁੱਕੀਆਂ ਹਨ। ਪਰ ਕਾਂਗਰਸ ਪਾਰਟੀ ਫਿਰ ਵੀ ਇਸ ਨੂੰ ਆਪਣੀ ਮੀਟਿੰਗਾਂ ‘ਚ ਸ਼ਾਮਲ ਕਰਕੇ ਸਿੱਖਾਂ ਨੂੰ ਚਿੜ੍ਹਾ ਰਹੀ ਹੈ। ਮੀਟਿੰਗ ਦੀ ਸਮਾਪਤੀ ਬਾਅਦ ਜਦੋਂ ਮੀਡੀਆ ਨੇ ਟਾਈਟਲਰ ਨੂੰ 1984 ਬਾਰੇ ਸਵਾਲ ਪੁੱਛੇ ਤਾਂ ਟਾਈਟਲਰ ਨੇ ਅਗੋਂ ਸਵਾਲ ਪੁੱਛਦਿਆਂ ਕਿਹਾ “ਕੀ ਮੇਰੇ ਖਿਲਾਫ 1984 ਮਾਮਲੇ ਦੀ ਕੋਈ ਐਫ਼.ਆਈ.ਆਰ. ਹੈ ? ਮੈਨੂੰ ਸੀ.ਬੀ.ਆਈ. ਨੇ ਕਲੀਨ ਚਿੱਟ ਦਿੱਤੀ ਹੈ। ਕੁਝ ਲੋਕ ਇਸ ਮਾਮਲੇ ਉਤੇ ਸਿਆਸਤ ਕਰ ਰਹੇ ਹਨ। ਮੈਂ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਵਾਂਗਾ ਅਤੇ ਆਪਣੇ ਆਖਰੀ ਸਾਹਾਂ ਤੱਕ ਕਾਂਗਰਸ ਪਾਰਟੀ ਦੇ ਨਾਲ ਰਹਾਂਗਾ।”

ਜੀਕੇ ਨੇ ਰਾਹੁਲ ਗਾਂਧੀ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਪਹਿਲਾਂ ਤੁਹਾਡੇ ਪਿਤਾ ਰਾਜੀਵ ਗਾਂਧੀ ਨੇ ਸਿੱਖਾਂ ਦੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣ ਲਈ “ਜਬ ਬੜਾ ਪੇੜ ਗਿਰਤਾ ਹੈ” ਵਾਲੀ ਟਿੱਪਣੀ ਕਰਕੇ ਇਤਿਹਾਸਕ ਗਲਤੀ ਕੀਤੀ ਸੀ। ਹੁਣ ਤੁਸੀਂ ਸਿੱਖਾਂ ਦੇ ਕਾਤਲ ਨੂੰ “ਭਾਰਤ ਜੋੜੋ ਯਾਤਰਾ” ਦੇ ਨਾਲ ਜੋੜ ਕੇ ਬਜ਼ਰ ਗੁਨਾਹ ਕਰਨ ਜਾ ਰਹੇ ਹੋ। ਜਦਕਿ ਟਾਈਟਲਰ ਦੇ ਖਿਲਾਫ ਅਦਾਲਤਾਂ ‘ਚ 1984 ਦੇ ਮਾਮਲਿਆਂ ਨੂੰ ਲੈਕੇ ਮੁਕਦਮੇ ਚਲ ਰਹੇ ਹਨ। ਮੈਂ ਖੁਦ ਟਾਈਟਲਰ ਦੇ 5 ਵੀਡੀਓ ਸਟਿੰਗ 2018 ‘ਚ ਜਾਰੀ ਕੀਤੇ ਸਨ, ਜਿਸ ਵਿੱਚ ਟਾਈਟਲਰ 100 ਸਿੱਖਾਂ ਨੂੰ ਮਾਰਨ ਦੀ ਗੱਲ ਕਰਦਿਆਂ ਨਜ਼ਰ ਆ ਰਿਹਾ ਹੈ। ਜਿਸ ਦੀ ਸ਼ਿਕਾਇਤ ਮੇਰੇ ਵੱਲੋਂ ਉਸ ਵੇਲੇ ਦਿੱਲੀ ਪੁਲਿਸ ਅਤੇ ਸੀ.ਬੀ.ਆਈ. ਨੂੰ ਵੀ ਦਿੱਤੀ ਗਈ ਸੀ। ਜੀਕੇ ਨੇ ਰਾਹੁਲ ਗਾਂਧੀ ਨੂੰ ਸਵਾਲ ਪੁਛਿਆ ਕਿ ਤੁਸੀਂ ਟਾਈਟਲਰ ਨੂੰ ਇਸ ਯਾਤਰਾ ਵਿੱਚ ਸ਼ਾਮਲ ਕਰਕੇ ਕੀ ਸਿੱਖਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕਣਾ ਚਾਹੁੰਦੇ ਹੋ ? ਜੇਕਰ ਤੁਸੀਂ ਇਸ ਟੀਚੇ ਨੂੰ ਲੈਕੇ ਚਲੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਇਨ੍ਹਾਂ ਬੇਵਕੂਫ਼ੀਆਂ ਕਰਕੇ ਦੇਸ਼ ‘ਚ ਕਾਂਗਰਸ ਦਾ ਭਵਿੱਖ ਨੇਸਤਾਨਾਬੂਦ ਹੋਣਾ ਲਾਜ਼ਮੀ ਹੈ।

error: Content is protected !!