ਚੰਨੀ ਦੀ ਵਾਪਸੀ ਨੇ ਛੇੜੀ ਰਾਜਾ ਵੜਿੰਗ ਦੀ ਕਾਂਗਰਸ ‘ਚ ਹਲਚਲ, ਜਨਵਰੀ ‘ਚ ਸਿੱਧੂ ਵੀ ਆ ਸਕਦੇ ਨੇ ਬਾਹਰ, ਨਵੇਂ ਸਾਲ ‘ਚ ਤਿੱਕੜੀ ਫਿਰ ਕਰੇਗੀ ਚੋਣਾਂ ਤੋਂ ਪਹਿਲਾਂ ਵਾਲੀ ‘ਸਰਕਸ’! 

ਚੰਨੀ ਦੀ ਵਾਪਸੀ ਨੇ ਛੇੜੀ ਰਾਜਾ ਵੜਿੰਗ ਦੀ ਕਾਂਗਰਸ ‘ਚ ਹਲਚਲ, ਜਨਵਰੀ ‘ਚ ਸਿੱਧੂ ਵੀ ਆ ਸਕਦੇ ਨੇ ਬਾਹਰ, ਨਵੇਂ ਸਾਲ ‘ਚ ਤਿੱਕੜੀ ਫਿਰ ਕਰੇਗੀ ਚੋਣਾਂ ਤੋਂ ਪਹਿਲਾਂ ਵਾਲੀ ‘ਸਰਕਸ’!

ਜਲੰਧਰ (ਸੁੱਖ ਸੰਧੂ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਮਰੀਕਾ ਤੋਂ ਵਾਪਸ ਪੰਜਾਬ ਪਰਤ ਚੁੱਕੇ ਨੇ ਅਤੇ ਆਉਂਦੇ ਹੀ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਰੀਬ 9 ਮਹੀਨਿਆਂ ਦੀ ਪੰਜਾਬ ਦੀ ਸਿਆਸਤ ਵਿੱਚ ਆਪਣੀ ਖਾਮੋਸ਼ੀ ਨੂੰ ਵੀ ਸ਼ੋਰ ਵਿੱਚ ਬਦਲ ਦਿੱਤਾ ਹੈ। ਪਹਿਲਾਂ ਜਿੱਥੇ ਚਰਨਜੀਤ ਸਿੰਘ ਚੰਨੀ ਮਾਨਸਾ ਵਿਖੇ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਮਾਪਿਆਂ ਨਾਲ ਅਫਸੋਸ ਜਾਹਰ ਕਰ ਕੇ ਆਏ ਅਤੇ ਉਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਸਥਾਨਕ ਪੁਲਿਸ ਨੇ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਘਰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਇਸ ਤੋਂ ਉਨ੍ਹਾਂ ਸ਼ਹੀਦੀ ਹਫਤੇ ਸਬੰਧ ਵਿਚ ਆਪਣੀ ਪੈਦਲ ਯਾਤਰਾ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਵੇਗਾ ਅਤੇ ਫਿਰ ਉਹ ਸਿਆਸਤ ਵਿਚ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਜਾਣਗੇ। ਇਸ ਦੌਰਾਨ ਉਹ ਰਾਜਸਥਾਨ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋ ਕੇ ਅਤੇ ਭਾਰਤ ਪਰਤਦੇ ਹੀ ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨਾਲ ਮੁਲਾਕਾਤ ਕਰ ਕੇ ਪੰਜਾਬ ਕਾਂਗਰਸ ਵਿੱਚ ਆਪਣੇ ਉੱਚੇ ਕੱਦ ਦੀ ਹਾਜ਼ਰੀ ਦਰਜ ਕਰਵਾ ਕੇ ਪਾਰਟੀ ਵਰਕਰਾਂ ਅਤੇ ਸਿਆਸੀ ਵਿਰੋਧੀਆਂ ਨੂੰ ਪੰਜਾਬ ਦੀ ਸਿਆਸਤ ਵਿੱਚ ਹਲਚਲ ਕਰਨ ਦਾ ਸੰਦੇਸ਼ ਦੇ ਚੁੱਕੇ ਹਨ।


ਇਸ ਦੌਰਾਨ ਇਹ ਵੀ ਦੇਖਣ ਵਾਲਾ ਹੈ ਕਿ ਉਹ ਹੁਣ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਮਿਲ ਤੇ ਕਾਂਗਰਸ ਪਾਰਟੀ ਨੂੰ ਪੰਜਾਬ ਵਿਚ ਕਿਸ ਤਰ੍ਹਾਂ ਅੱਗੇ ਲੈ ਕੇ ਜਾਂਦੇ ਹਨ ਅਤੇ 2024 ਦੀਆਂ ਲੋਕ ਸਭਾ ਚੋਣਾਂ ਤਕ ਪਾਰਟੀ ਨੂੰ ਫਿਰ ਤੋਂ ਕਿਸ ਤਰ੍ਹਾਂ ਲੋਕਾਂ ਦੇ ਦਿਲਾਂ ਤਕ ਲੈ ਕੇ ਆਉਂਦੇ ਹਨ। ਰਾਜਾ ਵੜਿੰਗ ਦੀ ਤਾਜਪੋਸ਼ੀ ਸਮੇਂ ਤਾਂ ਚਰਨਜੀਤ ਸਿੰਘ ਚੰਨੀ ਇੱਥੇ ਹੀ ਉਨ੍ਹਾਂ ਦੇ ਨਾਲ ਮੌਜੂਦ ਸਨ ਪਰ ਬਾਅਦ ਵਿਚ ਅਮਰੀਕਾ ਚਲੇ ਗਏ ਸਨ ਅਤੇ ਇਸ ਦੌਰਾਨ ਰਾਜਾ ਵੜਿੰਗ ਨੇ ਵੀ ਜ਼ਿਆਦਾਤਰ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਨਹੀਂ ਕੀਤਾ। ਇਸ ਸਮੇਂ ਦੋਵੇਂ ਕਿਸ ਤਰ੍ਹਾਂ ਪਾਰਟੀ ਨੂੰ ਮਿਲ ਕੇ ਅੱਗੇ ਲੈ ਕੇ ਜਾਂਦੇ ਹਨ ਇਹ ਦੇਖਣ ਵਾਲਾ ਹੈ।

ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵੀ ਉਮੀਦ ਹੈ ਕਿ 26 ਜਨਵਰੀ ਨੂੰ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਤੋਂ ਰਿਹਾਈ ਹੋ ਜਾਵੇ। ਅਮਰਿੰਦਰ ਰਾਜਾ ਵੜਿੰਗ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ਨਾਲ ਸੱਤਾ ਦੇ ਸਮੀਕਰਨ ਬਦਲ ਗਏ ਹਨ। ਹਾਲ ਹੀ ਵਿੱਚ ਰਾਜਾ ਵੜਿੰਗ ਨੇ ਪਾਰਟੀ ਦੇ ਇੱਕ ਸਮਾਗਮ ਦੌਰਾਨ ਆਪਣਾ ਪੱਖ ਜਤਾਉਂਦੇ ਹੋਏ ਕਿਹਾ ਸੀ ਕਿ ਲਾਈਨ ਵਿੱਚ ਨਾ ਆਉਣ ਵਾਲਿਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਹੁਣ ਤੱਕ 12 ਨੇਤਾਵਾਂ ਨੂੰ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਸਿੱਧੂ ਦੀ ਰਿਹਾਈ ਅਤੇ ਚੰਨੀ ਦੀ ਵਾਪਸੀ ਕਿਸ ਤਰ੍ਹਾਂ ਰਾਜਾ ਵੜਿੰਗ ਨਾਲ ਮਿਲ ਕੇ ਪੰਜਾਬ ਕਾਂਗਰਸ ਨੂੰ ਆਉਣ ਵਾਲੇ ਸਮੇਂ ਵਿੱਚ ਫਿਰ ਤੋਂ ਮਜ਼ਬੂਤ ਕਰ ਸਕਦੀ ਹੈ ਦੇਖਣ ਵਾਲਾ ਹੈ।

ਇਹ ਸਭ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਪਾਰਟੀ ਅੰਦਰੂਨੀ ਕਲੇਸ਼ ਕਾਰਨ ਕਮਜ਼ੋਰ ਪੈ ਗਈ ਸੀ, ਇਸ ਵਾਰ ਵੀ ਕੁਝ ਅਜਿਹਾ ਹੀ ਹੋਵੇਗਾ ਜਾਂ ਫਿਰ ਤਿੰਨੇ ਆਗੂ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਨਗੇ। ਅਜਿਹੇ ਵਿੱਚ ਕਾਂਗਰਸ ਹਾਈਕਮਾਂਡ ਵੀ ਸਿੱਧੂ ਤੇ ਚੰਨੀ ਨੂੰ ਨਵੇਂ ਸਾਲ ਵਿੱਚ ਕੋਈ ਵੱਡੀ ਜਿੰਮੇਵਾਰੀ ਦੇ ਸਕਦੀ ਹੈ। ਜੋ ਵੀ ਹੈ ਹੁਣ ਇਸ ਤਿੱਕੜੀ ਨੂੰ ਫਿਰ ਤੋਂ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਅਜਿਹੀ ਸਰਕਸ ਦਿਖਾਉਣੀ ਚਾਹੀਦੀ ਹੈ, ਕਿ ਵਿਰੋਧ ਸਿਆਸੀ ਪਾਰਟੀ ਫਿਰ ਤੋਂ ਇਕ ਮਜ਼ਬੂਤ ਕਾਂਗਰਸ ਦਾ ਸਾਹਮਣਾ ਕਰਨ।

error: Content is protected !!