ਸ਼ਿਮਲਾ ਤੇ ਡਲਹੌਜ਼ੀ ਨੂੰ ਮਾਤ ਪਾ ਰਹੀ ਪੰਜਾਬ ਦੀ ਠੰਢ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਯੈਲੋ ਅਲਰਟ

ਸ਼ਿਮਲਾ ਤੇ ਡਲਹੌਜ਼ੀ ਨੂੰ ਮਾਤ ਪਾ ਰਹੀ ਪੰਜਾਬ ਦੀ ਠੰਢ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਯੈਲੋ ਅਲਰਟ

 

ਜਲੰਧਰ ( ਵੀਓਪੀ ਬਿਊਰੋ) ਪੰਜਾਬ ਵਿੱਚ ਇਸ ਸਮੇਂ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਲੋਕਾਂ ਨੂੰ ਇਸ ਸਮੇਂ ਅੱਗ ਤੇ ਰਜਾਈਆਂ ਦਾ ਹੀ ਸਹਾਰਾ ਹੈ। ਘਰ ਤੋਂ ਬਾਹਰ ਤਾਂ ਲੋਕ ਨਿਕਲ ਕੇ ਹੀ ਪਛਤਾਉਣ ਲੱਗਦੇ ਹਨ। ਹਾਲਾਤ ਇਹ ਹਨ ਕਿ ਪੰਜਾਬ ਦੇ ਜ਼ਿਆਦਾਤਾਰ ਸ਼ਹਿਰ ਤਾਂ ਸ਼ਿਮਲਾ ਤੇ ਡਲਹੌਜ਼ੀ ਨੂੰ ਮਾਤ ਪਾ ਰਹੇ ਹਨ, ਭਾਵ ਕਿ ਠੰਢ ਪੰਜਾਬ ਵਿਚ ਸ਼ਿਮਲਾ ਤੇ ਡਲਹੌਜ਼ੀ ਦੇ ਮੁਕਾਬਲੇ ਜ਼ਿਆਦਾ ਹੈ।

 

ਪੰਜਾਬ ਦੇ ਅੱਠ ਸ਼ਹਿਰ ਸ਼ਿਮਲੇ ਨਾਲੋਂ ਵੀ ਵੱਧ ਠੰਢੇ ਚੱਲ ਰਹੇ ਹਨ। ਸ਼ਿਮਲਾ ‘ਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ 13.0, ਬਠਿੰਡਾ 14.2, ਜਲੰਧਰ 12.3, ਪਠਾਨਕੋਟ 12.0, ਲੁਧਿਆਣਾ 11.6, ਫਿਰੋਜ਼ਪੁਰ 14.2 ਅਤੇ ਗੁਰਦਾਸਪੁਰ ਦਾ 14.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਮੈਦਾਨੀ ਇਲਾਕਿਆਂ ਵਿੱਚ ਠੰਢ ਦਾ ਇਹ ਹਾਲ ਹੈ ਕਿ ਕਈ ਸ਼ਹਿਰਾਂ ਦਾ ਤਾਪਮਾਨ ਹਿਮਾਚਲ ਦੇ ਮਨਾਲੀ, ਸੋਲਨ ਅਤੇ ਡਲਹੌਜ਼ੀ ਤੋਂ ਹੇਠਾਂ ਚੱਲ ਰਿਹਾ ਹੈ। ਵੀਰਵਾਰ ਨੂੰ ਵੀ ਪੂਰਾ ਸੂਬਾ ਕੜਾਕੇ ਦੀ ਠੰਡ ਦੀ ਲਪੇਟ ‘ਚ ਰਿਹਾ।

ਕਈ ਇਲਾਕਿਆਂ ਵਿੱਚ ਦੁਪਹਿਰ ਤੱਕ ਸੰਘਣੀ ਧੁੰਦ ਛਾਈ ਰਹੀ। ਅਗਲੇ ਦੋ ਦਿਨ ਵੀ ਸੰਘਣੀ ਧੁੰਦ ਬਣੀ ਰਹੇਗੀ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।

error: Content is protected !!