‘ਅੱਜ ਰਲ਼ ਕੇ ਗੁਜ਼ਾਰਾਂਗੇ ਰਾਤ, ਅੱਲ੍ਹਾ ਕਰੇ ਦਿਨ ਨਾ ਚੜ੍ਹੇ’ – ਉਮੀਦਾਂ ਬੇਹਿਸਾਬ ਪਰ ਹਾਲਾਤ ਵੱਸੋਂ ਬਾਹਰ
ਜਲੰਧਰ (ਸੁੱਖ ਸੰਧੂ) ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ, ਅਪਰਾਧ, ਨਸ਼ਾ, ਬੇਰੁਜ਼ਗਾਰੀ, ਸਿਹਤ ਸਹੂਲਤਾਵਾਂ, ਵਧੀਆ ਸਿੱਖਿਆ ਤੇ ਹੋਰ ਵੀ ਬਹੁਤ ਸਾਰੇ ਅਜਿਹੇ ਮੁੱਦੇ ਜੋ ਅਸੀਂ ਜਨਮ ਤੋਂ ਸੁਣਨ ਦੀ ਆਦਤ ਪਾਈ ਹੋਈ ਹੈ, ਜੇਕਰ ਇਹ ਸਮੱਸਿਆਵਾਂ ਖਤਮ ਹੋ ਜਾਣਗੀਆਂ ਤਾਂ ਅਸੀਂ ਸਰਕਾਰਾਂ ਤੋਂ ਹੋਰ ਕੀ ਉਮੀਦ ਕਰਾਂਗੇ। ਕੀ ਫਿਰ ਵੀ ਲੋਕ ਸਰਕਾਰਾਂ ਨੂੰ ਕੋਸਣਗੇ। ਜੇਕਰ ਲੋਕ ਸਰਕਾਰਾਂ ਨੂੰ ਕੋਸਣਗੇ ਨਹੀਂ ਤਾਂ ਫਿਰ ਸਿਆਸਤਦਾਨਾਂ ਦੀ ਦਾਲ-ਰੋਟੀ ‘ਤੇ ਵੀ ਤਾਂ ਫਰਕ ਪਵੇਗਾ। ਇਸ ਲਈ ਸਰਕਾਰਾਂ ਤੁਹਾਡੇ ਕੋਲੋਂ ਉਮੀਦਾਂ ‘ਤੇ ਜਿਉਣ ਦਾ ਹੱਕ ਕਿਉਂ ਲੈਣ।
ਸ਼ੁਰੂ ਤੋਂ 2 ਸਿਆਸੀ ਪਾਰਟੀਆਂ ਦਾ ਪੰਜਾਬ ਵਿੱਚ ਬੋਲਬਾਲਾ ਰਿਹਾ ਅਤੇ ਵਾਰੋ-ਵਾਰੀ ਉਨ੍ਹਾਂ ਦੀ ਸਰਕਾਰ ਵੀ ਬਣੀ ਤੇ ਹਰ ਵਾਰ ਪੰਜਾਬ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਦੇ ਵਾਅਦੇ ਕਰ ਕੇ ਲੋਕਾਂ ਕੋਲੋਂ ਵੋਟਾਂ ਲੈਂਦੇ ਰਹੇ ਪਰ ਪੰਜਾਬੀ ਉਥੇ ਦੇ ਉੱਥੇ ਹੀ ਖੜ੍ਹੇ ਹਨ। ਬੱਸ ਹੱਥ ‘ਚ ਮੋਬਾਈਲ ਤੇ ਮੋਬਾਈਲਾਂ ‘ਚ ਇੰਟਰਨੈੱਟ ਆ ਗਿਆ ਹੈ।
ਪੰਜਾਬੀ ਭਾਸ਼ਾ ‘ਚ ਇਕ ਕਾਫੀ ਮਕਬੂਲ ਗੀਤ ਹੈ, ‘ਅੱਜ ਰਲ਼ ਕੇ ਗੁਜ਼ਾਰਾਂਗੇ ਰਾਤ, ਅੱਲ੍ਹਾ ਕਰੇ ਦਿਨ ਨਾ ਚੜ੍ਹੇ’। ਇਹ ਗੀਤ ਇਨ੍ਹਾਂ ਸਰਕਾਰਾਂ ਤੇ ਸਿਆਸਤਦਾਨਾਂ ਉੱਪਰ ਕਾਫੀ ਢੁੱਕਦਾ ਹੈ। ਇਸ ਵਾਰ ਨਵੀਂ ਉਮੀਦ ਦੇ ਨਾਲ ਨਵੀਂ ਸਿਆਸੀ ਪਾਰਟੀ ਨੂੰ ਸੱਤਾ ਵਿੱਚ ਤਾਂ ਪੰਜਾਬੀ ਲੈ ਆਏ ਪਰ ਹੁਣ ਉਨ੍ਹਾਂ ਪੰਜਾਬੀਆਂ ਦਾ ਦੇਣ ਕਿਸ ਤਰ੍ਹਾਂ ਦੇਣਾ ਹੈ, ਇਹ ਨਵੀਂ ਸਰਕਾਰ ਨੇ ਵੀ ਪੁਰਾਣੀਆਂ ਸਰਕਾਰਾਂ ਤੋਂ ਸਿੱਖ ਲਿਆ ਹੈ। ਇਸੇ ਲਈ ਇਹ ਗੀਤ ਇਨ੍ਹਾਂ ਸਾਰਿਆਂ ਉਪਰ ਢੁੱਕਦਾ ਹੈ, ਕਿ ਰਲ-ਮਿਲ ਰਾਜ ਭੋਗਣਾ ਹੈ, ਅਸਲ ਮੁੱਦੇ ਛੱਡ ਕੇ ਇਕ-ਦੂਜੇ ਉਪਰ ਹੀ ਚਿੱਕੜ ਉਛਾਲਣਾ ਹੈ ਤੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਮੂਰਖ ਬਣਾ ਕੇ ਰਲ-ਮਿਲ ਕੇ ਸਮਾਂ ਲੰਘਾਈ ਜਾਣਾ ਹੈ।
ਨਸ਼ੇ ਨਾਲ ਨੌਜਵਾਨ ਪੀੜੀ ਖਤਮ ਹੋ ਰਹੀ ਹੈ। ਸਰਕਾਰਾਂ ਸਖਤੀ ਕਰ ਰਹੀਆਂ ਹਨ ਪਰ ਫਿਰ ਵੀ ਗਲੀ-ਮੁਹੱਲੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਸਰਕਾਰੀ ਤਨਖਾਹਾਂ ਗਟਾਰ ਰਹੇ ਖਾਕੀ ਵਰਦੀ ‘ਚ ਲੋਕਾਂ ਦੇ ਰਖਵਾਲੇ ਵੀ ਇਸ ਮਾਮਲੇ ਤੋਂ ਅਨਜਾਨ ਹਨ। ਅਨਜਾਨ ਵੀ ਇੰਨੇ ਨੇ ਕਿ 1-2 ਗ੍ਰਾਮ ਦੇ ਨਸ਼ੇ ਨਾਲ ਰੋਜ਼ ਕੋਈ ਨਾ ਕੋਈ ਇਨ੍ਹਾਂ ਦੇ ਹੱਥ ਆ ਜਾਂਦਾ ਹੈ ਪਰ ਜਿਨ੍ਹਾਂ ਕੋਲੋਂ ਇਹ ਨਸ਼ਾ ਖਰੀਦ ਕੇ ਲਿਆਂਦਾ ਜਾਂਦਾ ਹੈ, ਉਨ੍ਹਾਂ ਬਾਰੇ ਕਦੀ ਪਤਾ ਨਹੀਂ ਲੱਗਦਾ।
ਅਪਰਾਧੀ ਬੇਖੌਫ਼ ਹਨ, ਆਮ ਲੋਕੀਂ ਸੁਰੱਖਿਅਤ ਨਹੀਂ ਹਨ, ਕਿਤੇ ਵੀ ਕਤਲ, ਲੁੱਟ ਖੋਹ ਤੇ ਕੁੱਟਮਾਰ ਆਮ ਹੈ। ਗੈਂਗਸਟਰ ਅਪਰਾਧ ਕਰਦੇ ਹਨ ਤੇ ਫਿਰ ਹੱਥ ਹੀ ਨਹੀਂ ਆਉਂਦੇ। ਲੋਕ ਇਨਸਾਫ਼ ਲਈ ਧੱਕੇ ਖਾਈ ਜਾਣ ਕੋਈ ਫਰਕ ਨਹੀਂ ਕਿਉਂਕਿ ਅਸੀਂ ਤਾਂ ਰਲ ਕੇ ਗੁਜ਼ਾਰਾਂਗੇ ਰਾਤ…।
ਜੋ ਮੁੱਦੇ ਸਿਆਸੀ ਪਾਰਟੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਸਰਕਾਰਾਂ ਨੂੰ ਨਿਸ਼ਾਨੇ ‘ਤੇ ਲੈਣ ਲਈ ਤੇ ਕੋਸਣ ਲਈ ਵਰਤਦੀਆਂ ਹਨ, ਉਹ ਹੀ ਮੁੱਦੇ ਜਦ ਖੁੱਦ ਦੀ ਸਰਕਾਰ ਬਣਦੀ ਹੈ ਤਾਂ ਲਾਪਤਾ ਹੋ ਜਾਂਦੇ ਹਨ। ਪਹਿਲਾਂ ਵੀ ਇਹ ਹੀ ਹੁੰਦਾ ਆਇਆ ਹੈ ਤੇ ਹੁਣ ਵੀ ਇਹ ਹੀ ਹੋ ਰਿਹਾ ਹੈ ਅਤੇ ਜਿਸ ਤਰ੍ਹਾਂ ਦੇ ਹਾਲਾਤ ਹਨ ਤੇ ਲੋਕਾਂ ਦੀ ਸੋਚ ਨੂੰ ਇਨ੍ਹਾਂ ਨੇ ਆਪਣੇ ਮੁਤਾਬਕ ਢਾਲ ਲਿਆ ਹੈ ਤਾਂ ਅੱਗੇ ਵੀ ਇਹ ਹੀ ਹਾਲਾਤ ਰਹਿਣਗੇ।