ਆਪਣੀਆਂ ਕਰਤੂਤਾਂ ਛੁਪਾਉਣ ਲਈ ਪ੍ਰੇਮੀ ਨਾਲ ਮਿਲ ਕੇ ਮਾਰ’ਤਾ ਘਰਵਾਲਾ, ਪਤੀ ਸਾਹਮਣੇ ਖੁੱਲ ਚੁੱਕਾ ਸੀ ਕਾਲਾ ਚਿੱਠਾ 

ਆਪਣੀਆਂ ਕਰਤੂਤਾਂ ਛੁਪਾਉਣ ਲਈ ਪ੍ਰੇਮੀ ਨਾਲ ਮਿਲ ਕੇ ਮਾਰ’ਤਾ ਘਰਵਾਲਾ, ਪਤੀ ਸਾਹਮਣੇ ਖੁੱਲ ਚੁੱਕਾ ਸੀ ਕਾਲਾ ਚਿੱਠਾ

 

ਵੀਓਪੀ ਬਿਊਰੋ – ਪਟਿਆਲਾ ਪੁਲਿਸ ਨੇ ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ, ਉਸ ਦੇ ਪ੍ਰੇਮੀ ਅਤੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਉਕਤ ਨੌਜਵਾਨ ਅਜੈ ਕੁਮਾਰ ਦੀ ਲਾਸ਼ 4 ਜਨਵਰੀ ਨੂੰ ਹਦੈਤਪੁਰਾ ਅਤੇ ਉਚਾ ਖੇੜਾ ਵਿਚਕਾਰ ਐਸਵਾਈਐਲ ਨਹਿਰ ਦੇ ਪੁਲ ਹੇਠੋਂ ਬਰਾਮਦ ਹੋਈ ਸੀ।

ਮ੍ਰਿਤਕ ਦੇ ਭਰਾ ਦੀਪਕ ਵਾਸੀ ਜੀਂਦ ਹਰਿਆਣਾ ਦੀ ਸ਼ਿਕਾਇਤ ਅਨੁਸਾਰ ਅਜੈ ਕੁਮਾਰ ਦਾ ਵਿਆਹ ਸਾਲ 2005 ਵਿੱਚ ਜ਼ਿਲ੍ਹਾ ਟਿਹਰੀ (ਉਤਰਾਖੰਡ) ਦੀ ਵਸਨੀਕ ਸੰਗੀਤਾ ਰਾਣੀ ਨਾਲ ਹੋਇਆ ਸੀ ਅਤੇ ਦੋਵਾਂ ਦੇ ਤਿੰਨ ਬੱਚੇ ਹਨ। ਅਜੈ ਕੁਮਾਰ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਪਤੀ-ਪਤਨੀ ਦੋਵਾਂ ਦੇ ਰਿਸ਼ਤੇ ਸੁਖਾਵੇਂ ਨਹੀਂ ਸਨ। ਪਿਛਲੇ ਕਈ ਸਾਲਾਂ ਤੋਂ ਦੋਵੇਂ ਬਨੂੜ ਦੇ ਪਿੰਡ ਕਲੌਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਇਸ ਦੌਰਾਨ ਸੰਗੀਤਾ ਰਾਣੀ ਦੇ ਲਖਵਿੰਦਰ ਸਿੰਘ ਉਰਫ਼ ਕਾਕ ਨਾਲ ਨਾਜਾਇਜ਼ ਸਬੰਧ ਸਨ।

ਅਜੈ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਦੋਵਾਂ ਨੇ ਕਤਲ ਦੀ ਸਾਜ਼ਿਸ਼ ਰਚੀ। ਇਸ ਤੋਂ ਬਾਅਦ 1 ਜਨਵਰੀ 2023 ਨੂੰ ਸੰਗੀਤਾ ਆਪਣੇ ਬੱਚਿਆਂ ਨਾਲ ਆਪਣੇ ਨਾਨਕੇ ਘਰ ਚਲੀ ਗਈ। 3 ਜਨਵਰੀ ਨੂੰ ਲਖਵਿੰਦਰ ਸਿੰਘ ਨੇ ਆਪਣੇ ਸਾਥੀਆਂ ਹਰਿੰਦਰ ਸਿੰਘ ਉਰਫ਼ ਬਿੰਦਰੀ ਵਾਸੀ ਕੇਹਰਗੜ੍ਹ (ਪਟਿਆਲਾ) ਅਤੇ ਹਰਦੀਪ ਸਿੰਘ ਉਰਫ਼ ਨੋਨੀ ਵਾਸੀ ਪਿੰਡ ਚੋਲਟਾ ਕਲਾਂ (ਮੁਹਾਲੀ) ਨਾਲ ਮਿਲ ਕੇ ਪਹਿਲਾਂ ਅਜੈ ਨੂੰ ਸ਼ਰਾਬ ਪਿਲਾਈ ਅਤੇ ਫਿਰ ਉਸ ਨੂੰ ਐਸਵਾਈਐਲ ਨਹਿਰ ਵਿੱਚ ਲੈ ਗਏ।

ਹਦੈਤਪੁਰਾ ਵਿੱਚ ਪੁਲ ਤੇ ਗਲਾ ਵੱਢ ਕੇ ਲਾਸ਼ ਨੂੰ ਪੁਲ ਦੇ ਹੇਠਾਂ ਪਾਣੀ ਵਿੱਚ ਸੁੱਟ ਦਿੱਤਾ। ਪੁਲਿਸ ਨੇ ਗੱਜੂਖੇੜਾ ਤੋਂ ਪਿੰਡ ਮਾਣਕਪੁਰ ਨੂੰ ਜਾਂਦੇ ਸਮੇਂ ਪਤਨੀ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।

error: Content is protected !!