ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵਕੇਟ ਧਾਮੀ ਉੱਤੇ ਹੋਏ ਹਮਲੇ ਬਾਰੇ ਬੋਲੇ ਸੁਖਮਿੰਦਰ ਰਾਜਪਾਲ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵਕੇਟ ਧਾਮੀ ਉੱਤੇ ਹੋਏ ਹਮਲੇ ਬਾਰੇ ਬੋਲੇ ਸੁਖਮਿੰਦਰ ਰਾਜਪਾਲ

ਜਲੰਧਰ(ਵੀਓਪੀ ਬਿਊਰੋ) ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਹੈ ਕਿ ਮੋਹਾਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਉੱਪਰ ਹਮਲਾ ਕੀਤੇ ਜਾਣ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਅਸੀਂ ਸਮੁੱਚੇ ਯੂਥ ਵਿੰਗ ਵੱਲੋਂ ਨਿੰਦਾ ਕਰਦੇ ਹਾਂ। ਸ. ਰਾਜਪਾਲ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਅੱਜ ਮੋਹਾਲੀ ਵਿਖੇ ਇਕੱਠ ਹੋ ਰਿਹਾ ਸੀ ਉਸ ਵਿੱਚ ਸਮਰਥਨ ਦੇਣ ਲਈ ਸ. ਧਾਮੀ ਆਪਣੇ ਵੀਹ ਦੇ ਕਰੀਬ ਮੈਂਬਰਾਂ ਨੂੰ ਨਾਲ ਲੈ ਕੇ ਪੁੱਜੇ ਸਨ ਪਰ ਅਫ਼ਸੋਸ ਕਿ ਕੁੱਝ ਸ਼ਰਾਰਤੀ ਲੋਕਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ।

ਨੌਜਵਾਨ ਅਕਾਲੀ ਆਗੂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਲਈ ਹੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਸਿੱਖ ਇੱਕ ਮੰਚ ‘ਤੇ ਇਕੱਠੇ ਹੋਣ ਇਸੇ ਕਰਕੇ ਹੀ ਇਸ ਤਰ੍ਹਾਂ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਆਗੂਆਂ ਉੱਤੇ ਹਮਲੇ ਕੀਤੇ ਜਾਂਦੇ ਹਨ। ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਸ. ਹਰਜਿੰਦਰ ਸਿੰਘ ਧਾਮੀ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਨੇ ਖੁਦ ਸੱਦਾ ਦਿੱਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਇਕੱਠ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸੱਦੇ ਨੂੰ ਸਵੀਕਾਰ ਕਰਦਿਆਂ ਹੀ ਉਹ ਉੱਥੇ ਪਹੁੰਚੇ ਸਨ ਲੇਕਿਨ ਉੱਥੇ ਜੋ ਵਾਪਰਿਆ ਉਹ ਨਿੰਦਣਯੋਗ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਫੁੱਟ ਪਾਉ ਤਾਕਤਾਂ ਆਪਣੀਆਂ ਕੋਝੀਆਂ ਚਾਲਾਂ ਵਿੱਚ ਸਫਲ ਨਾ ਹੋ ਸਕਣ।

error: Content is protected !!