ਭਗਵੰਤ ਮਾਨ ਨੂੰ ਸਿਆਸਤ ‘ਚ ਲਿਆਉਣ ਵਾਲੇ ਨੂੰ ਖੁਦ ਨਹੀਂ ਮਿਲ ਰਿਹਾ ਕੋਈ ਟਿਕਾਣਾ, ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਫੜਿਆ ਭਾਜਪਾ ਦਾ ਪੱਲਾ

ਭਗਵੰਤ ਮਾਨ ਨੂੰ ਸਿਆਸਤ ‘ਚ ਲਿਆਉਣ ਵਾਲੇ ਨੂੰ ਖੁਦ ਨਹੀਂ ਮਿਲ ਰਿਹਾ ਕੋਈ ਟਿਕਾਣਾ, ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਫੜਿਆ ਭਾਜਪਾ ਦਾ ਪੱਲਾ

ਜਲੰਧਰ (ਸੁੱਖ ਸੰਧੂ) ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਵੀ ਸਿਆਸਤ ਦੇ ਜਾਣੇ ਮਾਣੇ ਚਿਹਰੇ ਹਨ। ਮਨਪ੍ਰੀਤ ਬਾਦਲ ਨੇ ਸਿਆਸਤ ਦੀ ਸ਼ੁਰੂਆਤ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਹੀ ਕੀਤੀ ਸੀ ਪਰ ਫਿਰ ਇਨ੍ਹਾਂ ਦੇ ਆਪਸੀ ਮਨ ਮੁਟਾਵ ਹੋ ਗਏ ਸਨ। 2010 ਤੋਂ ਬਾਅਦ ਇਨ੍ਹਾਂ ਨੇ ਆਪਣੀ ਖੁਦ ਦੀ ਪਾਰਟੀ ਪੀਪਲਸ ਪਾਰਟੀ ਆਫ ਪੰਜਾਬ ਦੀ ਸਥਾਪਨਾ ਕੀਤੀ ਪਰ ਇਹ ਪਾਰਟੀ ਕੁਝ ਜਿਆਦਾ ਅਸਰ ਨਾ ਛੱਡ ਸਕੀ। ਇਸ ਸਿਆਸੀ ਸਫਰ ਵਿਚ ਕਈ ਉਤਰਾਅ ਚੜਾਅ ਤੋਂ ਬਾਅਦ ਬੀਤੇ ਦਿਨੀ ਮਨਪ੍ਰੀਤ ਬਾਦਲ ਨੇ ਭਾਜਪਾ ਦਾ ਪੱਲਾ ਫੜਿਆ ਹੈ ਅਤੇ ਇਕ ਨਵੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਹੈ। 


ਪੀਪਲਸ ਪਾਰਟੀ ਆਫ ਪੰਜਾਬ ਰਾਹੀ ਹੀ ਮਨਪ੍ਰੀਤ ਬਾਦਲ ਨੇ ਭਗਵੰਤ ਮਾਨ ਨੂੰ ਸਿਆਸਤ ਦਾ ਰਾਹ ਦਿਖਾਇਆ ਸੀ। ਪਰ ਫਿਰ ਇਸ ਪਾਰਟੀ ਨਾਲ ਆਪਣਾ ਕੋਈ ਭਵਿੱਖ ਨਾ ਦੇਖਦੇ ਹੋਏ ਇਸ ਪਾਰਟੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਵਿਚ ਮਰਜ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾ ਭਗਵੰਤ ਮਾਨ ਨੇ ਵੀ ਇਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਭਗਵੰਤ ਮਾਨ ਨੇ 2014 ਵਿੱਚ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਤੇ ਜਿੱਤ ਪ੍ਰਾਪਤ ਕਰ ਲਈ ਅਤੇ ਅੱਜ ਉਹ ਮੁੱਖ ਮੰਤਰੀ ਦੀ ਕੁਰਸੀ ਉੱਪਰ ਬੈਠ ਗਏ ਹਨ।

ਦੂਜੇ ਪਾਸੇ ਭਗਵੰਤ ਮਾਨ ਨੂੰ ਸਿਆਸਤਦਾਨ ਬਣਾਉਣ ਵਾਲੇ ਮਨਪ੍ਰੀਤ ਬਾਦਲ ਕਾਂਗਰਸ ਨਾਲ ਮਿਲ ਕੇ ਚਾਹੇ ਹੀ ਕਾਂਗਰਸ ਕਾਰਜਕਾਲ ਸਮੇਂ ਵਿੱਚ ਮੰਤਰੀ ਰਹੇ ਸਨ ਪਰ ਉਨ੍ਹਾਂ ਦੀ ਭੂਮਿਕਾ ਹਮੇਸ਼ਾ ਹੀ ਬੈਕਫੁੱਟ ‘ਤੇ ਹੀ ਰਹੀ। ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਵੀ ਉਨ੍ਹਾਂ ਦੀ ਦਾਲ ਇੰਨੀ ਨਹੀਂ ਗਲੀ। ਚੋਣਾਂ ਹਾਰਨ ਤੋਂ ਬਾਅਦ ਲਗਾਤਾਰ ਖਾਮੋਸ਼ ਨਜ਼ਰ ਆ ਰਹੇ ਮਨਪ੍ਰੀਤ ਬਾਦਲ ਨੇ ਕੁਝ ਦਿਨ ਪਹਿਲਾ ਪਟਿਆਲਾ ਜੇਲ੍ਹ ਵਿਚ ਬੰਦ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਹੁਣ ਭਾਜਪਾ ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਇਸ ਦੌਰਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਬਾਦਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਮਨਪ੍ਰੀਤ ਬਾਦਲ ਨੇ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ, ਪਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਨਹੀਂ ਹੋਏ। ਫਿਰ ਕੱਲ੍ਹ 18 ਜਨਵਰੀ ਨੂੰ ਕਾਂਗਰਸ ਤੋਂ ਤੁਰੰਤ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।

ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਮਿਲਣ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸਿੱਧੂ ਦੇ ਵੀ 26 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਸੰਭਾਵਨਾ ਹੈ। ਅਜਿਹੇ ‘ਚ ਸਵਾਲ ਉੱਠ ਰਹੇ ਹਨ ਕਿ ਕੀ ਸਿੱਧੂ ਮੁੜ ਕਾਂਗਰਸ ਨਾਲ ਆਪਣੀ ਸਿਆਸੀ ਪਾਰੀ ਸ਼ੁਰੂ ਕਰਨਗੇ ਜਾਂ ਉਨ੍ਹਾਂ ਨੇ ਵੀ ਮਨ ਬਣਾ ਲਿਆ ਹੈ। ਹਾਲਾਂਕਿ ਰਾਹੁਲ ਗਾਂਧੀ ਨੇ ਸਿੱਧੂ ਨੂੰ ਪੰਜਾਬ ਕਾਂਗਰਸ ‘ਚ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਗੱਲ ਕਹੀ ਹੈ।

error: Content is protected !!