ਜਲੰਧਰ- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਜਲੰਧਰ ਤੋਂ ਬਨਾਰਸ ਜਾਣ ਵਾਲੀ ਵਿਸ਼ੇਸ਼ ਰੇਲ ਗੱਡੀ ਨੂੰ 2 ਫਰਵਰੀ ਨੂੰ ਬਾਅਦ ਦੁਪਹਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੇਲ ਗੱਡੀ ਰਾਹੀਂ ਡੇਰਾ ਸੱਚਖੰਡ ਬਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਦੀ ਅਗਵਾਈ ’ਚ ਸ਼ਰਧਾਲੂਆਂ ਦਾ ਜਥਾ ਰਵਾਨਾ ਹੋਇਆ। ਇਹ ਵਿਸ਼ੇਸ਼ ਗੱਡੀ 3 ਫਰਵਰੀ ਨੂੰ ਬਨਾਰਸ ਪੁੱਜੇਗੀ ਤੇ ਉਥੋਂ 6 ਫਰਵਰੀ ਨੂੰ ਚੱਲ ਕੇ 7 ਫਰਵਰੀ ਨੂੰ ਵਾਪਸ ਜਲੰਧਰ ਪੁੱਜੇਗੀ।



ਸਟੇਸ਼ਨ ਸੁਪਰਡੈਂਟ ਐੱਸਐੱਸ ਦੱਤ ਨੇ ਦੱਸਿਆ ਕਿ ਵਿਸ਼ੇਸ਼ ਗੱਡੀ ਦੇ 24 ਡੱਬੇ ਹੋਣਗੇ ਜਦੋਂਕਿ 2 ਐੱਸਐੱਲਆਰ ਬੋਗੀਆਂ ਹੋਣਗੀਆਂ। ਰੇਲ ਗੱਡੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਦਿੱਲੀ ਤੋਂ ਬੁੱਕ ਕੀਤੀ ਹੈ। ਇਸ ਦੌਰਾਨ ਰੇਲਵੇ ਸਟੇਸ਼ਨ ’ਤੇ 2 ਫਰਵਰੀ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਕਰਵਾਏ ਜਾਣ ਵਾਲੇ ਪ੍ਰੋਗਰਾਮ ਲਈ ਸਟੇਜ ਦੀਆਂ ਤਿਆਰੀਆਂ ਦਾ ਕੰਮ ਵੀ ਜਾਰੀ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਰੇਲ ਗੱਡੀ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ। ਉਨ੍ਹਾਂ ਸਟੇਸ਼ਨ ਦਾ ਦੌਰਾ ਕੀਤਾ ਤੇ ਸਮਾਗਮ ਸਬੰਧੀ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਡੇਰਾ ਬੱਲਾਂ ਦੀ ਮੈਨੇਜਮੈਂਟ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਟੇਸ਼ਨ ਸੁਪਰਡੈਂਟ ਐੱਸਐੱਸ ਦੱਤ ਵੀ ਉਨ੍ਹਾਂ ਨਾਲ ਮੌਜੂਦ ਸਨ। ਉਨ੍ਹਾਂ ਹਰੇਕ ਇੰਤਜ਼ਾਮ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਕਰਮਚਾਰੀ ਵੱਲੋਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਦੋਵਾਂ ਅਧਿਕਾਰੀਆਂ ਨੇ ਸਮੁੱਚੇ ਸਮਾਗਮ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ ਦੇ ਨਿਰਦੇਸ਼ ਦਿੱਤੇ।