ਅੰਮ੍ਰਿਤਸਰ – ਸੰਤ ਸਮਾਜ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਸੰਪ੍ਰਦਾਇ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ, ਕਟੜਾ ਕਰਮ ਸਿੰਘ ਦੇ ਮੁਖੀ ਸੰਤ ਬਾਬਾ ਮੱਖਣ ਸਿੰਘ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਸੂਚਨਾ ਮਿਲੀ ਹੈ। ਡੇਰੇ ਦੇ ਜਥੇਦਾਰ ਭਾਈ ਹਰਵਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਉੱਤਰ ਪ੍ਰਦੇਸ਼ ਵਾਲੇ ਡੇਰੇ ਵਿਚ ਗਏ ਹੋਏ ਸਨ, ਪਰ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸੰਤ ਬਾਬਾ ਮੱਖਣ ਸਿੰਘ ਜੋ ਕੁੱਝ ਦਿਨ ਤੋਂ ਇੱਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ, ਦੀ ਮੌਤ ਹੋ ਗਈ ਹੈ। ਉਨ੍ਹਾਂ ਬਾਬਾ ਮੱਖਣ ਸਿੰਘ ਦੀ ਮੌਤ ਨੂੰ ਸ਼ੱਕੀ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਏ ਜਾਣ ਦੀ ਮੰਗ ਕਰਨਗੇ।


