ਹੈਲੋ ‘ਆਪ’ ਵਿਧਾਇਕ ਦਾ ਭਤੀਜਾ ਬੋਲਦਾ- ਜਲਦੀ ਨਾਲ ਦੋ ਮੁਲਾਜ਼ਮ ਭੇਜੋ, ਸਿਆਸੀ ਵਿਰੋਧੀਆਂ ਨੇ ਕਿਹਾ-ਵਾਹ ਭਤੀਜਿਆ ਸਰਕਾਰ ਤਾਂ ਤੁਹਾਡੀ ਆ

ਹੈਲੋ ‘ਆਪ’ ਵਿਧਾਇਕ ਦਾ ਭਤੀਜਾ ਬੋਲਦਾ- ਜਲਦੀ ਨਾਲ ਦੋ ਮੁਲਾਜ਼ਮ ਭੇਜੋ, ਸਿਆਸੀ ਵਿਰੋਧੀਆਂ ਨੇ ਕਿਹਾ-ਵਾਹ ਭਤੀਜਿਆ ਸਰਕਾਰ ਤਾਂ ਤੁਹਾਡੀ ਆ

 

ਅੰਮ੍ਰਿਤਸਰ (ਵੀਓਪੀ ਬਿਊਰੋ) ਸਥਾਨਕ ਜ਼ਿਲ੍ਹੇ ਦੇ ਨਥਾਣਾ ਹਸਪਤਾਲ ਦੇ ਐਸ.ਐਮ.ਓ ਨੂੰ ਕਾਲ ਕਰ ਕੇ ਖੁਦ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਭਤੀਜਾ ਦੱਸਦੇ ਹੋਏ ਆਪਣੀ ਮਰਜ਼ੀ ਨਾਲ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਆਪਣੇ ਕਿਸੇ ਪ੍ਰੋਗਰਾਮ ਵਿੱਚ ਲਾਉਣ ਦੀ ਚਰਚਾ ਇਸ ਸਮੇਂ ਕਾਫੀ ਭੱਖ ਗਈ ਹੈ। ਇਸ ਸਬੰਧੀ ਐੱਸਐੱਮਓ ਵੱਲੋਂ ਜਾਰੀ ਪੱਤਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਅਕਾਲੀ ਦਲ ਨੇ ਭਾਈ-ਭਤੀਜਾਵਾਦ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ (ਆਪ) ਨੂੰ ਆੜੇ ਹੱਥੀਂ ਲਿਆ ਹੈ।

ਮਾਮਲਾ ਭੁੱਚੋ ਮੰਡੀ ਤੋਂ ‘ਆਪ’ ਵਿਧਾਇਕ ਜਗਸੀਰ ਸਿੰਘ ਨਾਲ ਸਬੰਧਤ ਹੈ। ਵਿਧਾਇਕ ਦੇ ਭਤੀਜੇ ਨੇ ਨਥਾਣਾ ਦੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (ਐਸਐਮਓ) ਨੂੰ ਫ਼ੋਨ ਕਰਕੇ ਲਹਿਰਾ ਬੇਗਾ ਵਿਖੇ ਕਰਵਾਏ ਜਾ ਰਹੇ ਟੂਰਨਾਮੈਂਟ ਲਈ ਦੋ ਮੁਲਾਜ਼ਮ ਤਾਇਨਾਤ ਕਰਨ ਲਈ ਕਿਹਾ। ਐਸ.ਐਮ.ਓ ਨੇ ਵੀ ਵਿਧਾਇਕ ਦੇ ਭਤੀਜੇ ਦੀ ਫ਼ੋਨ ਕਾਲ ਦਾ ਹਵਾਲਾ ਦਿੰਦੇ ਹੋਏ ਉਕਤ ਦੋ ਮੁਲਾਜ਼ਮਾਂ ਨੂੰ ਉਕਤ ਕੇਂਦਰ ‘ਤੇ ਡਿਊਟੀ ‘ਤੇ ਲਗਾਉਣ ਦਾ ਲਿਖਤੀ ਹੁਕਮ ਜਾਰੀ ਕਰ ਦਿੱਤਾ।

ਇੰਨਾ ਹੀ ਨਹੀਂ ਐਸਐਮਓ ਨੇ ਇਸ ਪੱਤਰ ਨੂੰ ਜਨਤਕ ਵੀ ਕੀਤਾ। ਉਨ੍ਹਾਂ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਸੀ-‘ਲੋਕ ਹਿੱਤ ਦਾ ਟੈਲੀਫੋਨ ਸੰਦੇਸ਼ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਵਿਧਾਇਕ ਸਾਹਿਬ ਦੇ ਭਤੀਜੇ ਮੁਤਾਬਕ ਲਹਿਰਾ ਬੇਗਾ ਵਿਖੇ ਕਰਵਾਏ ਜਾ ਰਹੇ ਟੂਰਨਾਮੈਂਟ ਵਿੱਚ ਗੁਰਜੀਤ ਸਿੰਘ ਸਬ ਸੈਂਟਰ ਸੇਮਾ ਅਤੇ ਰਮਨਦੀਪ ਸਿੰਘ ਸਬ ਸੈਂਟਰ ਭੁੱਚੋ ਖੁਰਦ ਦੀ ਡਿਊਟੀ 2 ਤੋਂ 5 ਫਰਵਰੀ ਤੱਕ ਲਗਾਈ ਗਈ ਹੈ। ਇਹ ਹੁਕਮ ਤੁਰੰਤ ਲਾਗੂ ਹੋਵੇਗਾ।

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ: ਦਲਜੀਤ ਸਿੰਘ ਚੀਮਾ ਨੇ ਐਸ.ਐਮ.ਓ ਦੇ ਉਕਤ ਹੁਕਮ ਪੱਤਰ ਨੂੰ ਟੈਗ ਕਰਦਿਆਂ ਟਵੀਟ ਕਰਕੇ ਆਮ ਆਦਮੀ ਪਾਰਟੀ ‘ਤੇ ਵਿਅੰਗ ਕੱਸਿਆ-‘ਵਾਹ ਭਤੀਜਾ, ਐਸ.ਐਮ.ਓ ਵੀ ਕਵਰ ਹੋ ਗਿਆ।

ਇਸ ਪੂਰੇ ਮਾਮਲੇ ‘ਤੇ ਭੁੱਚੋ ਮੰਡੀ ਦੇ ਵਿਧਾਇਕ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਾ ਤਾਂ ਕੋਈ ਭਰਾ ਹੈ ਅਤੇ ਨਾ ਹੀ ਕੋਈ ਭਤੀਜਾ। ਉਸ ਨੇ ਦੱਸਿਆ ਕਿ ਉਸ ਦਾ ਇਕ ਹੀ ਪੁੱਤਰ ਹੈ। ਉਹ ਮਾਮਲੇ ਦੀ ਜਾਂਚ ਕਰਵਾਉਣਗੇ ਕਿ ਉਸ ਅਧਿਕਾਰੀ ਨੂੰ ਆਪਣਾ ਭਤੀਜਾ ਦੱਸ ਕੇ ਕਿਸ ਨੇ ਫੋਨ ਕੀਤਾ। ਪਹਿਲਾਂ ਹੀ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਅਜਿਹੀ ਕਾਲ ਆਉਂਦੀ ਹੈ, ਜਿਸ ਵਿੱਚ ਵਿਧਾਇਕ ਜਾਂ ਕਿਸੇ ਹੋਰ ਦਾ ਹਵਾਲਾ ਦੇ ਕੇ ਸਿਫ਼ਾਰਿਸ਼ ਕੀਤੀ ਜਾ ਰਹੀ ਹੈ, ਤਾਂ ਤੁਰੰਤ ਉਸ ਦੀ ਪੜਤਾਲ ਕੀਤੀ ਜਾਵੇ।

error: Content is protected !!