ਅੰਮ੍ਰਿਤਸਰ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਕੁੱਝ ਨਵਾਂ ਨਹੀਂ ਹੈ ।ਸਾਬਕਾ ਅਕਾਲੀ ਦਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਮੁੜ ਤੋਂ ਨਵਾਂ ਨਾਂ ਦੇ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ । ਭਗਵੰਤ ਮਾਨ ਪੁਰਾਣੀ ਕਾਰ ਨੂੰ ਰੰਗ ਕਰਵਾ ਕੇ ਇਸ ਨੂੰ ਨਵਾਂ ਦੱਸ ਰਹੇ ਹਨ । ਸਾਬਕਾ ਅਕਾਲੀ ਸਰਕਾਰ ਦੇ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਅਤੇ ਮੈਰੀਟੋਰਿਅਸ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦੱਸ ਕੇ ਪੰਜਾਬ ਦੇ ਜਨਤਾ ਦੀਆਂ ਅੱਖਾਂ ਚ ਘੱਟਾ ਪਾਇਆ ਜਾ ਰਿਹਾ ਹੈ । ਇਹ ਇਲਜ਼ਾਮ ਲਗਾਏ ਹਨ ਸ਼੍ਰੌਮਣੀ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ,ਜੋਕਿ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ।
ਪੰਜਾਬ ਚ ਤਿੰਨ ਸੋ ਯੂਨਿਟ ਮੁਫਤ ਬਿਜਲੀ ਦੇਣ ਦੇ ਵਾਅਦੇ ਅਤੇ ਇਸਨੂੰ ਪੂਰਾ ਕਰਨ ਵਾਲੀ ‘ਆਪ’ ਸਰਕਾਰ ਸੁਖਬੀਰ ਦੇ ਨਿਸ਼ਾਨੇ ‘ਤੇ ਰਹੀ । ਉਨ੍ਹਾਂ ਕਿਹਾ ਕਿ ਮਾਨ ਸਰਕਾਰ ਬਾਹਰੋ ਮਹਿੰਗੀ ਬਿਜਲੀ ਖਰੀਦ ਰਹੇ ਹਨ । ਜਦਕਿ ਬਾਦਲ ਸਰਕਾਰ ਵਲੋਂ ਬਣਾਏ ਗਏ ਰਾਜਪੁਰਾ ਅਤੇ ਤਲਵੰਡੀ ਸਾਬੋ ਯੂਨਿਟ 2.80 ਪੈਸੇ ਦੇ ਹਿਸਾਬ ਨਾਲ ਬਿਜਲੀ ਦੇ ਰਹੇ ਹਨ । ਬਾਦਲ ਨੇ ਕਿਹਾ ਕਿ ਮਾਨ ਸਰਕਾਰ ਆਪਣੀਆਂ ਨਲਾਇਕੀਆਂ ਨਾਲ ਪੰਜਾਬ ਦੇ ਖਜਾਨੇ ਨੂੰ ਬਰਬਾਦ ਕਰ ਰਹੇ ਹਨ ।
ਮੁਫਤ ਬਿਜਲੀ ਤੋਂ ਬਾਅਦ ਅਕਾਲੀ ਦਲ ਨੇ ਅਗਲਾ ਹਮਲਾ ਮੁਹੱਲਾ ਕਲੀਨਿਕਾਂ ‘ਤੇ ਬੋਲਿਆ । ਸੁਖਬੀਰ ਨੇ ਕਿਹਾ ਕਿ ਪੁਰਾਣੀ ਕਾਰ ਨੂੰ ਨਵਾਂ ਰੰਗ ਕਰਕੇ ਪੇਸ਼ ਕੀਤਾ ਜਾ ਰਿਹਾ ਹੈ । ਸਾਬਕਾ ਅਕਾਲੀ ਸਰਕਾਰ ਵਲੋਂ ਸੂਬੇ ਭਰ ਚ ਬਣਾਏ ਗਏ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਚ ਬਦਲ ਦਿੱਤਾ ਗਿਆ ਹੈ । ਡਾਕਟਰ ਅਤੇ ਨਰਸਾਂ ਦੀ ਵੀ ਭਰਤੀ ਨਹੀਂ ਕੀਤੀ ਗਈ ਹੈ । ਪੇਂਡੂ ਡਿਸਪੈਨਸਰੀਆਂ ਤੋਂ ਸਟਾਫ ਚੁੱਕ ਕੇ ਮੁਹੱਲਾ ਕਲੀਨਿਕਾਂ ‘ਤੇ ਬੈਠਾ ਦਿੱਤਾ ਗਿਆ ਹੈ । ਉਨ੍ਹਾਂ ਹੈਰਾਨੀ ਜਤਾਈ ਕਿ ਮੁਹੱਲਾ ਕਲੀਨਿਕਾਂ ਨੂੰ ਮਾਹਿਰ ਡਾਕਟਰ ਨਹੀਂ ਬਲਕਿ ਨਰਸਾਂ ਚਲਾ ਰਹੀਆਂ ਹਨ ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਫਤਵਾ ਦਿੱਤਾ ਸੀ । ਜਿਸਦਾ ‘ਆਪ’ ਸਰਕਾਰ ਕੋਈ ਮੁੱਲ ਨਹੀਂ ਪਾ ਰਹੀ ਹੈ ।