ਪੈਨਸਿਲਵੇਨੀਆ- ਅਮਰੀਕਾ ਦੇ ਪੈਨਸਿਲਵੇਨੀਆ ‘ਚ ਨੌਂ ਸਾਲ ਦੇ ਬੱਚੇ ਨੇ ਕਮਾਲ ਕਰ ਦਿੱਤਾ ਹੈ। ਨੌਂ ਸਾਲ ਦਾ ਮੁੰਡਾ ਹਾਈ ਸਕੂਲ ਤੋਂ ਸਭ ਤੋਂ ਘੱਟ ਉਮਰ ਵਿਚ ਗ੍ਰੈਜੂਏਸ਼ਨ ਕਰਨ ਵਾਲਿਆਂ ਵਿੱਚੋਂ ਇੱਕ ਬਣ ਗਿਆ ਹੈ। ਇਸ ਦੇ ਨਾਲ ਹੀ ਉਸਨੇ ਕਾਲਜ ਦੀ ਡਿਗਰੀ ਲਈ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਇਸ ਨੌਂ ਸਾਲ ਦੇ ਬੱਚੇ ਦਾ ਨਾਂ ਡੇਵਿਡ ਬਾਲੋਗੁਨ ਹੈ।



ਡੇਵਿਡ ਨੇ ਡਿਸਟੈਂਸ ਲਰਨਿੰਗ ਰਾਹੀਂ ਹੈਰਿਸਬਰਗ ਦੇ ਰੀਚ ਸਾਈਬਰ ਚਾਰਟਰ ਸਕੂਲ ਤੋਂ ਆਪਣਾ ਡਿਪਲੋਮਾ ਹਾਸਲ ਕੀਤਾ।ਦਿ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ ਡੇਵਿਡ ਨੇ ਆਪਣੀਆਂ ਪ੍ਰਾਪਤੀਆਂ ਦਾ ਕ੍ਰੈਡਿਟ ਆਪਣੇ ਬਹੁਤ ਸਾਰੇ ਪਸੰਦੀਦਾ ਅਧਿਆਪਕਾਂ ਅਤੇ ਵਿਗਿਆਨ ਤੇ ਕੰਪਿਊਟਰ ਪ੍ਰੋਗਰਾਮਿੰਗ ਪ੍ਰਤੀ ਆਪਣੇ ਪਿਆਰ ਨੂੰ ਦਿੱਤਾ। ਡੇਵਿਡ ਨੇ ਪੈਨਸਿਲਵੇਨੀਆ ਦੇ ਇੱਕ ਟੀਵੀ ਚੈਨਲ WGAL ਨੂੰ ਦੱੱਸਿਆ ਕਿ ਉਹ ਪਹਿਲਾਂ ਹੀ ਜਾਣਦਾ ਹੈ ਕਿ ਉਸ ਨੂੰ ਰੋਜ਼ੀ-ਰੋਟੀ ਲਈ ਕੀ ਕਰਨਾ ਚਾਹੀਦਾ ਹੈ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ‘ਮੈਂ ਇੱਕ ਖਗੋਲ ਭੌਤਿਕ ਵਿਗਿਆਨੀ ਬਣਨਾ ਚਾਹੁੰਦਾ ਹਾਂ, ਅਤੇ ਮੈਂ ਬਲੈਕ ਹੋਲ ਅਤੇ ਸੁਪਰਨੋਵਾ ਦਾ ਅਧਿਐਨ ਕਰਨਾ ਚਾਹੁੰਦਾ ਹਾਂ।’ਭਾਵੇਂ ਡੇਵਿਡ ਦੇ ਮਾਤਾ-ਪਿਤਾ ਕੋਲ ਅਡਵਾਂਸ ਡਿਗਰੀਆਂ ਹਨ, ਪਰ ਉਹ ਮੰਨਦੇ ਹਨ ਕਿ ਅਜਿਹੇ ਤੇਜ਼ ਦਿਮਾਗ ਵਾਲੇ ਬੱਚੇ ਦੀ ਪਰਵਰਿਸ਼ ਕਰਨਾ ਮੁਸ਼ਕਲ ਹੈ। ਚੈਨਲ ਨਾਲ ਗੱਲਬਾਤ ਕਰਦਿਆਂ ਡੇਵਿਡ ਦੀ ਮਾਂ ਰੋਨੀਆ ਬਲੋਗੁਨ ਨੇ ਕਿਹਾ ਕਿ ‘ਉਹ 9 ਸਾਲ ਦਾ ਬੱਚਾ ਹੈ, ਜਿਸ ਦੇ ਦਿਮਾਗ ‘ਚ ਕਈ ਧਾਰਨਾਵਾਂ ਨੂੰ ਸਮਝਣ ਦੀ ਸਮਰੱਥਾ ਹੈ। ਜੋ ਕਿ ਉਸਦੀ ਉਮਰ ਤੋਂ ਪਰੇ ਹੈ ਅਤੇ ਕਈ ਵਾਰ ਮੇਰੀ ਸਮਝ ਤੋਂ ਵੀ ਪਰੇ ਹੈ।’
ਡੇਵਿਡ ਦੇ ਅਧਿਆਪਕਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਆਪਣੇ ਅਸਾਧਾਰਨ ਤੌਰ ‘ਤੇ ਹੋਣਹਾਰ ਵਿਦਿਆਰਥੀ ਤੋਂ ਗਿਆਨ ਪ੍ਰਾਪਤ ਕੀਤਾ ਸੀ।