ਦਵਿੰਦਰ ਬੰਬੀਹਾ ਗੈਂਗ ਨੂੰ ਝਟਕਾ, ਹਥਿਆਰਾਂ ਸਣੇ ਦੋ ਗੁਰਗੇ ਕਾਬੂ
ਪਟਿਆਲਾ- ਗੈਂਗਸਟਰਾਂ ਖਿਲਾਫ ਪੰਜਾਬ ਪੁਲਿਸ ਵਲੋਂ ਛੇੜੀ ਗਈ ਮੁਹਿੰਮ ਨੂੰ ਸਫਲ ਮਿਲੀ ਹੈ । ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਖਤਰਨਾਕ ਦਵਿੰਦਰ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ 5 ਪਿਸਤੌਲਾਂ ਤੇ 20 ਕਾਰਤੂਸਾਂ ਸਣੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਮੁਲਜ਼ਮ ਤੇਜਿੰਦਰ ਸਿੰਘ ਉਰਫ ਗੁੱਲੂ (26) ਵਾਸੀ ਪਿੰਡ ਅਬੂਵਾਲ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਨੈਸ਼ਨਲ ਹਾਈਵੇ ਸ਼ੰਭੂ ਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਇਸ ਦਾ ਸਾਥੀ ਅਮਰੀਕ ਸਿੰਘ ਉਰਫ ਸ਼ੇਰੂ ਉਰਫ ਮਾਨ (32) ਵਾਸੀ ਪਿੰਡ ਜੈਮਲਵਾਲਾ ਜ਼ਿਲ੍ਹਾ ਮੋਗਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਫਰੀਦਕੋਟ ਜੇਲ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਹੈ।



SSP ਵਰੁਣ ਸ਼ਰਮਾ ਨੇ ਪੁਲਿਸ ਲਾਈਨ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤੇਜਿੰਦਰ ਸਿੰਘ ਉਰਫ ਗੁੱਲੂ ਵਿਦੇਸ਼ ਵਿਚ ਬੈਠੇ ਕੁਝ ਭਗੌੜੇ ਗੈਂਗਸਟਰਾਂ ਦੇ ਨਾਲ-ਨਾਲ ਫਰੀਦਕੋਟ ਜੇਲ੍ਹ ਵਿਚ ਬੈਠੇ ਬੰਬੀਹਾ ਗੈਂਗ ਦੇ ਹੀ ਆਪਣੇ ਸਾਥੀ ਅਮਰੀਕ ਸਿੰਘ ਉਰਫ ਸ਼ੇਰੂ ਨਾਲ ਸੰਪਰਕ ਵਿਚ ਹੈ। ਤੇਜਿੰਦਰ ਤੇ ਅਮਰੀਕ ਸਿੰਘ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਹੁਣ ਤੇਜਿੰਦਰ ਸਿੰਘ ਵਿਦੇਸ਼ ਵਿਚ ਬੈਠੇ ਦੋ ਗੈਂਗਸਟਰਾਂ ਦੇ ਇਸ਼ਾਰੇ ‘ਤੇ ਅੰਬਾਲਾ ਵੱਲ ਹਥਿਆਰ ਲੈ ਕੇ ਆ ਰਿਹਾ ਹੈ ਜਿਸ ਨੂੰ ਪੰਜਾਬ ਵਿਚ ਵੱਡੀ ਵਾਰਦਾਤਾਂ ਕਰਨ ਵਿਚ ਇਸਤੇਮਾਲ ਕੀਤਾ ਜਾਣਾ ਹੈ।
ਜਾਂਚ ਵਿਚ ਸਾਹਮਣੇ ਆਇਆ ਕਿ ਬਰਾਮਦ ਪਿਸਤੌਲ ਫਰੀਦਕੋਟ ਜੇਲ੍ਹ ਵਿਚ ਬੰਦ ਖਤਰਨਾਕ ਅਪਰਾਧੀ ਅਮਰੀਕ ਸਿੰਘ ਨੇ ਮੰਗਵਾਏ ਸਨ। ਇਸ ਦੇ ਬਾਅਦ ਪਟਿਆਲਾ ਪੁਲਿਸ ਨੇ ਉਸ ਨੂੰ ਵੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਤੋਂ ਜੇਲ੍ਹ ਵਿਚ ਇਸਤੇਮਾਲ ਕੀਤੇ ਜਾ ਰਹੇ ਦੋ ਮੋਬਾਈਲ ਵੀ ਪਟਿਆਲਾ ਪੁਲਿਸ ਨੇ ਬਰਾਮਦ ਕੀਤੇ ਹਨ।
ਅਮਰੀਕ ਸਿੰਘ ਅਰਮੀਨੀਆ ਵਿਚ ਬੈਠੇ ਗੈਂਗਸਟਰ ਗੌਰਵ ਪਟਿਆਲ ਉਰਫ ਲੱਕੀ ਉਰਫ ਸੌਰਵ ਠਾਕੁਰ ਵਾਸੀ ਨਿਊ ਕਾਲੋਨੀ ਖੁੱਡਾ ਲਾਹੌਰਾ ਥਾਣਾ ਧਨਾਸ (ਯੂਟੀ) ਚੰਡੀਗੜ੍ਹ ਤੇ ਹੁਣੇ ਜਿਹੇ ਮਨੀਲਾ ਵਿਚ ਰਹਿ ਰਹੇ ਗੈਂਗਸਟਰ ਜੈਕਪਾਲ ਸਿੰਘ ਉਰਫ ਲਾਲੀ ਵਾਸੀ ਕੋਠੋ ਪੱਤੀ ਮੁਹੱਬਤ ਜ਼ਿਲ੍ਹਾ ਮੋਗਾ ਦੇ ਨਾਲ ਸੰਪਰਕ ਵਿਚ ਸੀ। ਇਨ੍ਹਾਂ ਗੈਂਗਸਟਰਾਂ ਨੇ ਹੀ ਅਮਰੀਕ ਸਿੰਘ ਨੂੰ ਹਥਿਆਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਸੀ।
ਦੋਸ਼ੀ ਅਮਰੀਕ ਸਿੰਘ ਖਿਲਾਫ ਕਤਲ, ਲੁੱਟਮਾਰ ਤੇ ਫਿਰੌਤੀ ਮੰਗਣ ਦੇ ਲਗਭਗ 10 ਮੁਕੱਦਮੇ ਦਰਜ ਹਨ। ਸਾਲ 2017 ਤੋਂ ਉਹ ਜੇਲ੍ਹ ਵਿਚ ਬੰਦ ਹੈ। ਅਮਰੀਕ ਸਿੰਘ ਦੇ ਜੇਲ੍ਹ ਵਿਚ ਬੰਦ ਇਕ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਡਾ ਨਾਲ ਵੀ ਸਬੰਧ ਹੈ। ਤੇਜਿੰਦਰ ਸਿੰਘ ਖਿਲਾਫ ਵੀ ਥਾਣਾ ਸਦਰ ਜਗਰਾਓਂ ਵਿਚ ਡਕੈਤੀ ਦੇ ਦੋਸ਼ ਵਿਚ ਮੁਕੱਦਮਾ ਦਰਜ ਹੈ। ਗੌਰਵ ਪਟਿਆਲ ਖਿਲਾਫ ਵੀ ਕਈ ਮੁਕੱਦਮੇ ਦਰਜ ਹਨ। ਜੈਕਪਾਲ ਸਿੰਘ ਖਿਲਾਫ ਵੀ ਮੋਗਾ ਵਿਚ ਕਈ ਮੁਕੱਦਮੇ ਹਨ। ਪੁਲਿਸ ਮੁਤਾਬਕ ਦੋਵੇਂ ਗੈਂਗ ਦੇ ਮੈਂਬਰਾਂ ਦਾ ਪੁਲਿਸ ਰਿਮਾਂਡ ਲੈ ਕੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਜਿਸ ਵਿਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।