ਟੀਮ ਇੰਡੀਆ ਦੇ ਖਿਡਾਰੀ ਫਿੱਟ ਰਹਿਣ ਲਈ ਲਗਾਉਂਦੇ ਹਨ ਟੀਕੇ,ਚੇਤਨ ਸ਼ਰਮਾ ਨੇ ਕੀਤਾ ਖੁਲਾਸਾ
ਸਪੋਰਟਸ ਡੈਸਕ- ਡੋਪ ਟੈਸਟ ਇਜਾਦ ਕਰਨ ਦੇ ਬਾਵਜੂਦ ਕ੍ਰਿਕੇਟ ਖਿਡਾਰੀਆਂ ਵਲੋਂ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਲੈਣ ਦੇ ਮਾਮਲੇ ਸਾਹਮਨੇ ਆ ਰਹੇ ਹਨ । ਬੀਸੀਸੀਆਈ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਦਾ ਦਾਅਵਾ ਹੈ ਕਿ ਟੀਮ ਇੰਡੀਆ ਦੇ ਖਿਡਾਰੀ ਅਨਫਿੱਟ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਫਿੱਟ ਦੱਸਦੇ ਹਨ। ਟੀਮ ਇੰਡੀਆ ਦੇ ਖਿਡਾਰੀ ਫਿਟਨੈੱਸ ਹਾਸਲ ਕਰਨ ਲਈ ਇੰਜੈਕਸ਼ਨਾਂ ਦੀ ਵਰਤੋਂ ਕਰ ਰਹੇ ਹਨ ਜੋ ਕਿ ਡੋਪ ਟੈਸਟ ‘ਚ ਨਹੀਂ ਆਉਂਦੇ।
ਚੇਤਨ ਸ਼ਰਮਾ ਦਾ ਦਾਅਵਾ ਹੈ ਕਿ ਟੀਮ ਇੰਡੀਆ ‘ਚ ਅਣਫਿੱਟ ਖਿਡਾਰੀ ਵੀ ਟੀਕਿਆਂ ਦੀ ਮਦਦ ਨਾਲ ਫਿੱਟ ਹੋ ਰਹੇ ਹਨ। 100 ਫੀਸਦੀ ਫਿੱਟ ਨਾ ਹੋਣ ਵਾਲਾ ਕ੍ਰਿਕਟਰ ਵੀ ਟੀਮ ‘ਚ ਬਣੇ ਰਹਿਣ ਲਈ ਟੀਕੇ ਲਗਾ ਕੇ 100 ਫੀਸਦੀ ਫਿਟਨੈੱਸ ਸਾਬਤ ਕਰ ਰਿਹਾ ਹੈ। ਚੇਤਨ ਸ਼ਰਮਾ ਮੁਤਾਬਕ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਵੀ ਪਤਾ ਹੈ ਕਿ ਕਿਹੜਾ ਇੰਜੈਕਸ਼ਨ ਡੋਪ ‘ਚ ਆਵੇਗਾ ਤੇ ਕਿਹੜਾ ਨਹੀਂ। ਚੇਤਨ ਸ਼ਰਮਾ ਦਾ ਦਾਅਵਾ ਹੈ ਕਿ ਟੀਮ ਇੰਡੀਆ ਦੀ ਫਰਜ਼ੀ ਫਿਟਨੈੱਸ ਗੇਮ ‘ਚ ਕ੍ਰਿਕਟ ਦੇ ਵੱਡੇ ਸੁਪਰਸਟਾਰ ਸ਼ਾਮਲ ਹਨ।
ਟੀਮ ਇੰਡੀਆ ਦੇ ਖਿਡਾਰੀ ਅਜਿਹੇ ਇੰਜੈਕਸ਼ਨ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਫਿਟਨੈੱਸ ਹਾਸਲ ਕੀਤੀ ਜਾਂਦੀ ਹੈ ਅਤੇ ਜੋ ਡੋਪ ਟੈਸਟ ‘ਚ ਵੀ ਨਹੀਂ ਆਉਂਦਾ ਹੈ। ਚੇਤਨ ਸ਼ਰਮਾ ਨੇ ਟੀਮ ਇੰਡੀਆ ਦੇ ਖਿਡਾਰੀਆਂ ‘ਤੇ ਕਿਹਾ, ‘ਇਹ ਬਦਮਾਸ਼ ਅਜਿਹੇ ਹੁੰਦੇ ਹਨ, ਚੁੱਪਚਾਪ ਕੋਨੇ ‘ਤੇ ਜਾ ਕੇ ਟੀਕੇ ਲੈ ਕੇ ਕਹਿਣਗੇ ਕਿ ਅਸੀਂ ਫਿੱਟ ਹਾਂ, ਜਨਾਬ।’ ਯਾਨੀ ਟੀਮ ਇੰਡੀਆ ਦੇ ਪਲੇਇੰਗ ਇਲੈਵਨ ‘ਚ ਬਣੇ ਰਹਿਣ ਲਈ ਖਿਡਾਰੀ ਉਹ ਸਭ ਕੁਝ ਕਰ ਰਹੇ ਹਨ ਜੋ ਖੇਡ ਦੇ ਨਿਯਮਾਂ ਮੁਤਾਬਕ ਜਾਇਜ਼ ਨਹੀਂ ਹੈ ਅਤੇ ਜੋ ਸਪੋਰਟਸਮੈਨਸ਼ਿਪ ਤੋਂ ਕੋਹਾਂ ਦੂਰ ਹੈ। ਇਸ ਨੂੰ ਖੇਡਾਂ ਦੀ ਦੁਨੀਆ ਵਿੱਚ ਧੋਖਾਧੜੀ ਮੰਨਿਆ ਜਾਂਦਾ ਹੈ।