ਲਤੀਫਪੁਰਾ ਮਾਮਲੇ ‘ਤੇ ਸਰਕਾਰ ਦੀ ਸਖਤੀ, ਚੁੱਕਿਆ ਸੰਘਰਸ਼ ਕਮੇਟੀ ਦਾ ਨੇਤਾ
ਜਲੰਧਰ- ਲਤੀਫਪੁਰਾ ਮਾਮਲੇ ਚ ਸਰਕਾਰ ਤੋਂ ਰਾਹਤ ਦੀ ਆਸ ਲਗਾਏ ਬੇਠੇ ਜਲੰਧਰ ਦੇ ਲਤੀਫਪੁਰਾ ਵਾਸੀਆਂ ਨੂੰ ਝਟਕਾ ਲੱਗਾ ਹੈ। ਜਲੰਧਰ ਦੇ ਲਤੀਫਪੁਰਾ ਵਿੱਚ ਮਕਾਨ ਢਾਹੁਣ ਦਾ ਮਾਮਲਾ ਪੰਜਾਬ ਸਰਕਾਰ ਲਈ ਵੱਡੀ ਮੁਸੀਬਤ ਬਣ ਗਿਆ ਹੈ। ਹੁਣ ਤੱਕ ਨਰਮੀ ਨਾਲ ਪੇਸ਼ ਆਉਣ ਮਗਰੋਂ ਹੁਣ ਸਰਕਾਰ ਨੇ ਸਖਤੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਲਤੀਫ਼ਪੁਰਾ ਮੋਰਚੇ ਦੇ ਲੀਡਰ ਕਸ਼ਮੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਮੋਗਾ ਵਿੱਚ ਹੋਈ ਮੀਟਿੰਗ ’ਚ ਹਿੱਸਾ ਲੈ ਕੇ ਵਾਪਸ ਪਰਤ ਰਹੇ ਮਜ਼ਦੂਰ ਆਗੂ ਕਸ਼ਮੀਰ ਸਿੰਘ ਘੁਗਸ਼ੋਰ ਨੂੰ ਜਲੰਧਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਲਤੀਫ਼ਪੁਰਾ ਮੁੜ ਵਸੇਬਾ ਮੋਰਚੇ ਦੇ ਸਰਗਰਮ ਆਗੂ ਕਸ਼ਮੀਰ ਸਿੰਘ ਘੁਗਸ਼ੋਰ ਨੂੰ ਪੁਲਿਸ ਨੇ ਦੇਰ ਰਾਤ ਗ੍ਰਿਫਤਾਰ ਕੀਤਾ ਹੈ।
ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਦੱਸਿਆ ਕਿ ਕਸ਼ਮੀਰ ਸਿੰਘ ਘੁਗਸ਼ੋਰ ਨੇ ਸ਼ਾਮ 7 ਵਜੇ ਦੇ ਕਰੀਬ ਉਨ੍ਹਾਂ ਨੂੰ ਫੋਨ ਕੀਤਾ ਸੀ ਕਿ ਉਹ ਮੋਗਾ ਤੋਂ ਵਾਪਸ ਆ ਰਿਹਾ ਹੈ ਪਰ ਬਾਅਦ ਵਿੱਚ ਦੋ ਘੰਟਿਆਂ ਮਗਰੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕਸ਼ਮੀਰ ਸਿੰਘ ਘੁਗਸ਼ੋਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਆਗੂ ਘੁਗਸ਼ੋਰ ਪੁਲਿਸ ਨੂੰ ਕਿਸੇ ਪੁਰਾਣੇ ਕੇਸ ਵਿੱਚ ਲੋੜੀਂਦਾ ਸੀ ਤੇ ਉਸ ਦੇ ਵਾਰੰਟ ਵੀ ਨਿਕਲੇ ਹੋਏ ਸਨ।
ਯਾਦ ਰਹੇ ਕਿ ਨਗਰ ਸੁਧਾਰ ਟਰੱਸਟ ਵੱਲੋਂ ਲਤੀਫ਼ਪੁਰਾ ਵਿੱਚ ਲੋਕਾਂ ਦੇ ਢਾਹੇ ਘਰਾਂ ਦੇ ਵਿਰੋਧ ਵਿੱਚ ਕਸ਼ਮੀਰ ਸਿੰਘ ਘੁਗਸ਼ੋਰ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਨੇ ਮਜ਼ਦੂਰ ਆਗੂ ਕਸ਼ਮੀਰ ਸਿੰਘ ਘੁਗਸ਼ੋਰ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲਤੀਫ਼ਪੁਰਾ ਮੋਰਚਾ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ।