ਮਜੀਠੀਆ ਨੇ ਕੱਢਿਆ ਘੋਟਾਲੇ ਵਾਲਾ ਸੱਪ; ਕਿਹਾ- ਰੇਤ-ਬੱਜਰੀ ਦੇ ਨਾਮ ‘ਤੇ ‘ਆਪ’ ਸਰਕਾਰ ਨੇ 400 ਕਰੋੜ ਰੁਪਏ ਹੜੱਪ ਲਏ

ਮਜੀਠੀਆ ਨੇ ਕੱਢਿਆ ਘੋਟਾਲੇ ਵਾਲਾ ਸੱਪ; ਕਿਹਾ- ਰੇਤ-ਬੱਜਰੀ ਦੇ ਨਾਮ ‘ਤੇ ‘ਆਪ’ ਸਰਕਾਰ ਨੇ 400 ਕਰੋੜ ਰੁਪਏ ਹੜੱਪ ਲਏ

 

ਚੰਡੀਗੜ੍ਹ (ਵੀਓਪੀ ਬਿਊਰੋ) ਆਪਣੇ-ਆਪ ਨੂੰ ਸਾਫ-ਸੁਥਰੇ ਅਕਸ ਵਾਲੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਰੇ ਦੀ ਘਪਲੇਬਾਜ਼ ਸਰਕਾਰ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਨੇ ਰੇਤ ਮਾਫੀਆ ਨਾਲ ਮਿਲ ਕੇ ਪੰਜਾਬ ਨੂੰ ਲੁੱਟਣਾ ਸ਼ੁਰੂ ਕੀਤਾ ਹੋਇਆ ਹੈ। ਇਹ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਰੇਤਾ-ਬੱਜਰੀ ਦੀ ਢੋਆ-ਢੁਆਈ ਦੀ ਰਾਇਲਟੀ ਦੇ ਰੂਪ ਵਿੱਚ ਆਉਣ ਵਾਲੇ ਪੈਸੇ ਦਾ ਘਪਲਾ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਹੁਣ ਤੱਕ 400 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਲਾਉਂਦਿਆਂ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਗਿਆ ਕਿ ਪਿਛਲੀ ਕਾਂਗਰਸ ਸਰਕਾਰ ਨਾਲ ਜੁੜੇ ਦੋ ਰੇਤ ਮਾਈਨਿੰਗ ਮਾਫੀਆ ਦੇ ਠੇਕਿਆਂ ਨੂੰ ਖਤਮ ਕਰਨ ਤੋਂ ਇਕ ਮਹੀਨੇ ਬਾਅਦ ‘ਆਪ’ ਸਰਕਾਰ ਨੇ ਠੇਕੇ ਰੀਨਿਊ ਕਰਕੇ ਰੇਤਾ-ਬੱਜਰੀ ਦੀ ਢੋਆ-ਢੁਆਈ ਕੀਤੀ। ਰਾਇਲਟੀ ਦੇ ਰੂਪ ‘ਚ 400 ਕਰੋੜ ਦਾ ਘਪਲਾ ਕੀਤਾ ਹੈ।

ਮੁੱਖ ਮੰਤਰੀ ਮਾਨ ‘ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਰਾਇਲਟੀ ਘੁਟਾਲੇ ਦੀ ਅਗਵਾਈ ਕਰਨ ਦਾ ਦੋਸ਼ ਲਾਉਂਦਿਆਂ ਮਜੀਠੀਆ ਨੇ ਕਈ ਰਸੀਦਾਂ ਦਿਖਾਉਂਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਰੇਤ ‘ਤੇ ਐਲਾਨੀ ਗਈ 7 ਰੁਪਏ ਪ੍ਰਤੀ ਕਿਊਬਿਕ ਫੁੱਟ ਰਾਇਲਟੀ ਦਾ ਕੁਝ ਹਿੱਸਾ ਹੀ ਇਕੱਠਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਨਵੀਂ ਮਾਈਨਿੰਗ ਨੀਤੀ ਰਾਹੀਂ ਮੁੱਖ ਮੰਤਰੀ ਨੂੰ ਅੰਤਰਰਾਜੀ ਵਾਹਨਾਂ ‘ਤੇ ਰਾਇਲਟੀ ਤੈਅ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਇਸ ਖਾਤੇ ਵਿੱਚੋਂ ਇਕੱਠੇ ਹੋਣ ਵਾਲੇ ਜ਼ਿਆਦਾਤਰ ਫੰਡ ਸਰਕਾਰੀ ਖਜ਼ਾਨੇ ਦੀ ਬਜਾਏ ਸਿੱਧੇ ‘ਆਪ’ ਨੂੰ ਜਾ ਰਹੇ ਹਨ। ਮਜੀਠੀਆ ਨੇ ਕਿਹਾ ਕਿ ਰੇਤਾ-ਬੱਜਰੀ ਦੇ 2000 ਤੋਂ ਵੱਧ ਟਰੱਕ ਗੁਆਂਢੀ ਸੂਬਿਆਂ ਤੋਂ ਪੰਜਾਬ ਆਉਂਦੇ ਹਨ। ਉਨ੍ਹਾਂ ਤੋਂ ਮਿਲੀ ਰਾਇਲਟੀ ਦਾ ਅੱਧਾ ਹਿੱਸਾ ‘ਆਪ’ ਨੇ ਹੜੱਪ ਲਿਆ ਹੈ।

ਮਜੀਠੀਆ ਨੇ ਦਾਅਵਾ ਕੀਤਾ ਕਿ ਦੋ ਮਾਈਨਿੰਗ ਮਾਫੀਆ ਰਾਕੇਸ਼ ਚੌਧਰੀ ਅਤੇ ਅਸ਼ੋਕ ਚੰਡਕ ਨੂੰ ‘ਆਪ’ ਲਈ ਪੈਸਾ ਇਕੱਠਾ ਕਰਨ ਦੇ ਉਦੇਸ਼ ਨਾਲ ਪੰਜਾਬ ‘ਚ ਮਾਈਨਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ 21 ਦਸੰਬਰ, 2022 ਨੂੰ ਮੁਹਾਲੀ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਰੇਤ ਦੀ ਖੁਦਾਈ ਲਈ ਚੌਧਰੀ ਦੇ ਠੇਕੇ ਨੂੰ ਖਤਮ ਕਰਨ ਤੋਂ ਬਾਅਦ, ‘ਆਪ’ ਸਰਕਾਰ ਨੇ ਇਸ ਸਾਲ 27 ਜਨਵਰੀ ਨੂੰ ਉਸ ਨੂੰ ਉਹੀ ਜ਼ੋਨ ਦੇਣ ਦਾ ਠੇਕਾ ਰੀਨਿਊ ਕੀਤਾ ਸੀ।

ਉਨ੍ਹਾਂ ਕਿਹਾ ਕਿ ਚੌਧਰੀ ਖ਼ਿਲਾਫ਼ ਰੋਪੜ ਜ਼ਿਲ੍ਹੇ ਵਿੱਚ ਚਾਰ ਕੇਸ ਦਰਜ ਹੋਣ ਦੇ ਬਾਵਜੂਦ ਸਮਝੌਤਾ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦੇ ਬਹੁਤ ਕਰੀਬੀ ਰਹੇ ਇਕ ਹੋਰ ਠੇਕੇਦਾਰ ਅਸ਼ੋਕ ਚੰਡਕ ਦਾ ਠੇਕਾ ਵੀ ਪਿਛਲੇ ਸਾਲ 21 ਦਸੰਬਰ ਨੂੰ ਖਤਮ ਹੋ ਗਿਆ ਸੀ ਪਰ ਉਸ ਦਾ ਠੇਕਾ ਵੀ 31 ਜਨਵਰੀ ਨੂੰ ਰੀਨਿਊ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਚੰਡਕ ਨੂੰ ਲੁਧਿਆਣਾ, ਜਲੰਧਰ ਅਤੇ ਨਵਾਂਸ਼ਹਿਰ ਦੇ ਉਹੀ ਖੇਤਰ ਦਿੱਤੇ ਗਏ ਹਨ ਜਿੱਥੋਂ ਉਹ ਪਹਿਲਾਂ ਕਾਂਗਰਸ ਦੇ ਕਾਰਜਕਾਲ ਦੌਰਾਨ ਰੇਤ ਦੀ ਖੁਦਾਈ ਕਰਦਾ ਸੀ।

error: Content is protected !!